ਜਿਵੇਂ ਮਾਲਾ ਦਾ ਸ਼੍ਰੋਮਣੀ ਮਣਕਾ ਬਾਕੀ ਸਾਰੇ ਮਣਕਿਆਂ ਤੋਂ ਉਪਰ ਕਰ ਕੇ ਪ੍ਰੋਈਦਾ ਹੈ, ਪਰ ਉਹ ਸਿਮਰਨ ਵਾਲੇ ਮਣਕਿਆਂ ਦੀ ਗਿਣਤੀ ਵਿਚ ਨਹੀਂ ਆਉਂਦਾ ਉਸ ਦੀ ਵਡਾਈ ਕਿਸ ਕੰਮ?
ਜਿਵੇਂ ਬ੍ਰਿਛਾਂ ਵਿਚੋਂ ਸਿੰਮਲ ਬ੍ਰਿਛ ਸਭ ਤੋਂ ਉੱਚਾ ਦੇਖਿਆ ਜਾਂਦਾ ਹੈ, ਪਰ ਉਹ ਬਹੁਤੇ ਵਡੱਪਣ ਨੇ ਫਲ ਹੀਨ ਕਰ ਦਿਤਾ ਉਸ ਦਾ ਵੱਡਾ ਹੋਣਾ ਫਿਰ ਕਿਸ ਕੰਮ?
ਜਿਵੇਂ ਇੱਲ ਹੋਰਨਾਂ ਪੰਛੀਆਂ ਨਾਲੋਂ ਅਕਾਸ਼ ਵਿਚ ਉੱਚਾ ਉਡਦੀ ਹੈ, ਪਰ ਉੱਚੇ ਉਡ ਕੇ ਦੇਖਦੀ ਹੈ ਮੁਰਦੇ ਪਸ਼ੂਆਂ ਦੇ ਪਿੰਜਰਾਂ ਨੂੰ; ਕਿਸ ਕੰਮ ਉਸ ਦੀ ਉੱਚੀ ਮਤ ਪਾਈ?
ਤਿਵੇਂ ਗਾਉਣਾ, ਵਜਾਉਣਾ ਤੇ ਸੁਨਾਉਣਾ ਕੁਝ ਨਹੀਂ ਹੈ, ਜਿਸ ਵਿਚ ਉੱਚੀ ਚਾਤੁਰੀ ਤਾਂ ਪਈ ਹੋਵੇ, ਪਰ ਉਹ ਗੁਰ ਉਪਦੇਸ਼ ਤੋਂ ਬਿਨਾਂ ਹੋਵੇ, ਤਾਂ ਉਸ ਚਤੁਰਾਈ ਨੂੰ ਧ੍ਰਿਕਾਰ ਹੈ ॥੬੩੧॥