ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 404


ਜੈਸੇ ਚੀਟੀ ਕ੍ਰਮ ਕ੍ਰਮ ਕੈ ਬਿਰਖ ਚੜੈ ਪੰਛੀ ਉਡਿ ਜਾਇ ਬੈਸੇ ਨਿਕਟਿ ਹੀ ਫਲ ਕੈ ।

ਜਿਸ ਤਰ੍ਹਾਂ ਕੀਤੀ ਸਹਜ ਸਹਜ ਨਾਲ ਹੌਲੀ ਹੌਲੀ ਬਿਰਛ ਉਪਰ ਚੜ੍ਹਦੀ ਚੜ੍ਹਦੀ ਕਿਤੇ ਫਲ ਨੂੰਪੁਗ੍ਯਾ ਕਰਦੀ ਹੈ; ਪਰ ਪੰਛੀ ਉਡ ਉਡਾਰੀ ਮਾਰਦੇ ਸਾਰ ਹੀ ਫਲ ਕੋਲ ਜਾ ਬੈਠਿਆ ਕਰਦਾ ਹੈ।

ਜੈਸੇ ਗਾਡੀ ਚਲੀ ਜਾਤਿ ਲੀਕਨ ਮਹਿ ਧੀਰਜ ਸੈ ਘੋਰੋ ਦਉਰਿ ਜਾਇ ਬਾਏ ਦਾਹਨੇ ਸਬਲ ਕੈ ।

ਜਿਸ ਤਰ੍ਹਾਂ ਗੱਡੀ ਲੀਕਾਂ ਲੀਹਾ; ਅੰਦਰ ਚਲੀ ਚਲੀ ਜਾਂਦੀ ਧੀਰਜ ਨਾਲ ਟਿਕਾਣੇ ਸਿਰ ਪੁਗ੍ਯਾ ਕਰਦੀ ਹੈ ਪ੍ਰੰਤੂ ਘੋੜਾ ਸੱਜੇ ਖੱਬੇ ਦੌੜਦਾ ਦੌੜਦਾ ਸਬਲ ਕੈ ਜਾਇ ਜੋਰ ਨਾਲ ਵੇਗ ਨਾਲ ਛੇਤੀ ਚਲਾ ਜਾਯਾ ਕਰਦਾ ਹੈ।

ਜੈਸੇ ਕੋਸ ਭਰਿ ਚਲਿ ਸਕੀਐ ਨ ਪਾਇਨ ਕੈ ਆਤਮਾ ਚਤੁਰ ਕੁੰਟ ਧਾਇ ਆਵੈ ਪਲ ਕੈ ।

ਜਿਸ ਤਰ੍ਹਾਂ ਪੈਰਾਂ ਨਾਲ ਤਾਂ ਕੋਹ ਭਰ ਭੀ ਨਹੀਂ ਤੁਰ ਸਕੀਦਾ ਪਰ ਆਤਮਾ ਮਨ ਕਰ ਕੇ ਪਲਕ ਅੱਖ ਦੀ ਫੋਰ ਮਾਤ੍ਰ ਵਿਚ ਚਹੁੰ ਚੱਕੀ ਫਿਰ ਆਈਦਾ ਹੈ।

ਤੈਸੇ ਲੋਗ ਬੇਦ ਭੇਦ ਗਿਆਨ ਉਨਮਾਨ ਪਛ ਗੰਮ ਗੁਰ ਚਰਨ ਸਰਨ ਅਸਥਲ ਕੈ ।੪੦੪।

ਤਿਸੀ ਪ੍ਰਕਾਰ ਹੀ ਲੌਕਿਕ ਬੇਦਿਕ ਗ੍ਯਾਨ ਦਾ ਭੇਦ ਮਰਮ = ਨਿਰਣਾ ਉਨਮਾਨ ਪੱਖ ਦਲੀਲ ਵੀਚਾਰ ਦੇ ਆਸਰੇ ਹੈ; ਜਿਸ ਕਰ ਕੇ ਧੁਰ ਮੰਜਲ ਤੇ ਪੁਚੌਨੋਂ ਇਹ ਅਸਮਰੱਥ ਹਨ ਅਸਥਲ ਮੰਜਿਲ ਮਕਸੂਦ ਬਾਂਛਤ ਪਦ = ਧੁਰ ਟਿਕਾਣੇ ਤਾਂਈ ਗੰਮਤਾ ਪੁਚਾਨ ਦੀ ਸਮਰੱਥਾ ਕੇਵਲ ਸਤਿਗੁਰਾਂ ਦੇ ਚਰਣਾਂ ਦੀ ਸਰਣਿ ਵਿਖੇ ਹੀ ਹੁੰਦੀ ਹੈ ॥੪੦੪॥


Flag Counter