ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 607


ਰੂਪ ਕੇ ਜੋ ਰੀਝੈ ਰੂਪਵੰਤ ਹੀ ਰਿਝਾਇ ਲੇਹਿ ਬਲ ਕੈ ਜੁ ਮਿਲੈ ਬਲਵੰਤ ਗਹਿ ਰਾਖਹੀ ।

ਜੇ ਉਹ ਪਰਮਾਤਮਾ ਰੂਪ ਕਰ ਕੇ ਰੀਝਦਾ ਹੋਵੇ ਤਾਂ ਰੂਪ ਵੰਤ ਹੀ ਉਸ ਨੂੰ ਪ੍ਰਸੰਨ ਕਰ ਲੈਂਦੇ ਜੇ ਬਲ ਕਰ ਕੇ ਮਿਲਦਾ ਹੋਵੇ ਤਾਂ ਉਸ ਨੂੰ ਬਲਵਾਨ ਸੂਰਮੇ ਹੀ ਫੜ ਰਖਦੇ।

ਦਰਬ ਕੈ ਜੋ ਪਾਈਐ ਦਰਬੇਸ੍ਵਰ ਲੇ ਜਾਹਿ ਤਾਹਿ ਕਬਿਤਾ ਕੈ ਪਾਈਐ ਕਬੀਸ੍ਵਰ ਅਭਿਲਾਖ ਹੀ ।

ਜੇ ਉਹ ਧਨ ਕਰ ਕੇ ਪ੍ਰਾਪਤ ਹੁੰਦਾ ਤਾਂ ਉਸ ਨੂੰ ਧਨਾਢ ਹੀ ਲੈ ਜਾਂਦੇ, ਜੇ ਕਵਿਤਾ ਕਰ ਕੇ ਹੀ ਪਾਇਆ ਜਾ ਸਦਾ ਹੋਵੇ ਤਾਂ ਕਵੀ ਜਨ ਜੋ ਉਸ ਦੀ ਅਭਿਲਾਖਾ ਕਰ ਰਹੇ ਹਨ ਉਸ ਨੂੰ ਪਾ ਲੈਂਦੇ।

ਜੋਗ ਕੈ ਜੋ ਪਾਈਐ ਜੋਗੀ ਜਟਾ ਮੈ ਦੁਰਾਇ ਰਾਖੈ ਭੋਗ ਕੈ ਜੋ ਪਾਈਐ ਭੋਗ ਭੋਗੀ ਰਸ ਚਾਖ ਹੀ ।

ਜੇ ਜੋਗ ਕੀਤਿਆਂ ਮਿਲਦਾ ਹੋਵੇ ਤਾਂ ਜੋਗੀ ਉਸ ਨੂੰ ਜੱਟਾਂ ਵਿਚ ਛੁਪਾਈ ਰਖਦੇ ਭਾਵ ਪਾ ਲੈਂਦੇ, ਜੇ ਭੋਗਾਂ ਕਰ ਕੇ ਪਾਇਆ ਜਾਂਦਾ ਹੋਵੇ ਤਾਂ ਭੋਗੀ ਭੋਗਾਂ ਦੇ ਰਸ ਚਖਣ ਵਿਚ ਹੀ ਉਸ ਨੂੰ ਪਾ ਲੈਂਦੇ।

ਨਿਗ੍ਰਹ ਜਤਨ ਪਾਨ ਪਰਤ ਨ ਪ੍ਰਾਨ ਮਾਨ ਪ੍ਰਾਨਪਤਿ ਏਕ ਗੁਰ ਸਬਦਿ ਸੁਭਾਖ ਹੀ ।੬੦੭।

ਮਾਨ ਯੋਗ ਤੇ ਪ੍ਰਾਣਾਂ ਤੋਂ ਪਿਆਰਾ ਪ੍ਰਾਣ ਪਤੀ ਇੰਦ੍ਰਯ ਆਦਿ ਦੇ ਰੋਕਣ ਵਾਲੇ ਜਤਨਾਂ ਨਾਲ ਭੀ ਹੱਥ ਨਹੀਂ ਆਉਂਦਾ ਉਹ ਤਾਂ ਇਕ ਗੁਰੂ ਦੇ ਸ਼ਬਦ ਵਾਹਿਗੁਰੂ ਦੇ ਜਪਣ ਨਾਲ ਹੱਥ ਆਉਂਦਾ ਹੈ ॥੬੦੭॥