ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 489


ਜੈਸੇ ਜਲ ਮਿਲਿ ਬਹੁ ਬਰਨ ਬਨਾਸਪਤੀ ਚੰਦਨ ਸੁਗੰਧ ਬਨ ਚੰਚਲ ਕਰਤ ਹੈ ।

ਜਿਸ ਤਰ੍ਹਾਂ ਜਲ ਨੂੰ ਮਿਲ ਕੇ ਬਨਾਸਪਤੀ ਬਹੁਤ ਰੰਗਾਂ ਦੀ ਹੋਇਆ ਕਰਦੀ ਹੈ ਪਰ ਚੰਨਣ ਦੀ ਸੁਗੰਧੀ ਦੀ ਸੰਗਤ ਕਰ ਕੇ ਬਨ ਦਾ ਬਨ ਹੀ ਚੰਦਨ ਹੋ ਜਾਯਾ ਕਰਦਾ ਹੈ ਭਾਵ ਜਿਸ ਪ੍ਰਕਾਰ ਜਲ ਦੀ ਸੰਗਤ ਕਾਰਣ ਬਨਸਪਤੀ ਅਨੇਕਤਾ ਵਾਲੇ ਭਾਵ ਨੂੰ ਹੋਯਾ ਕਰਦੀ ਅਤੇ ਚੰਦਨ ਦੀ ਸੰਗਤ ਕਰ ਕੇ ਅਨੇਕਤਾ ਵਿਚੋਂ ਮੁੜ ਏਕਤਾ ਵਾਲੇ ਭਾਵ ਨੂੰ ਪ੍ਰਾਪਤ ਹੋਯਾ ਕਰਦੀ ਹੈ ਇਸੇ ਤਰ੍ਹਾਂ ਆਨ ਦੇਵ ਸੇਵਾ ਅਨੇਕਤਾ ਵਿਚ ਭ੍ਰਮਾਣ ਦਾ ਕਾਰਣ ਹੈ ਅਤੇ ਸਤਿਗੁਰੂ ਦੇਵ ਦਾ ਸੇਵਨ ਏਕਤਾ ਦੇ ਘਰ ਲਿਆਵਣ ਹਾਰਾ।

ਜੈਸੇ ਅਗਨਿ ਅਗਨਿ ਧਾਤ ਜੋਈ ਸੋਈ ਦੇਖੀਅਤਿ ਪਾਰਸ ਪਰਸ ਜੋਤਿ ਕੰਚਨ ਧਰਤ ਹੈ ।

ਜਿਸ ਤਰ੍ਹਾਂ ਅਗਨੀ ਦੀ ਸੰਗਤ ਵਿਚ ਧਾਤੂ ਲਾਲ ਅਗਨੀ ਵਾਕੂੰ ਹੀ ਭਖ ਉਠ੍ਯਾ ਕਰਦੀ ਹੈ ਪ੍ਰੰਤੂ ਅੰਦਰੋਂ ਓਹੋ ਹੀ ਓਹੋ ਹੀ ਦੇਖਨ ਵਿਚ ਔਂਦੀ ਹੈ ਅਤੇ ਪਾਰਸ ਨੂੰ ਪਰਸ ਕੇ ਤਾਂ ਓਸ ਨੂੰ ਉਹ ਜੋਤਿ ਦਮਕ ਪ੍ਰਾਪਤ ਹੁੰਦੀ ਹੈ ਜੋ ਸਚਮੁਚ ਅੰਦਰੋਂ ਬਾਹਰੋਂ ਸੋਨੇ ਨੇ ਧਾਰੀ ਹੁੰਦੀ ਹੈ। ਭਾਵ ਸੋਨਾ ਹੀ ਬਣ ਜਾਯਾ ਕਰਦੀ ਹੈ।

ਤੈਸੇ ਆਨ ਦੇਵ ਸੇਵ ਮਿਟਤ ਨਹੀ ਕੁਟੇਵ ਸਤਿਗੁਰ ਦੇਵ ਸੇਵ ਭੈਜਲ ਤਰਤ ਹੈ ।

ਇਸੇ ਤਰ੍ਹਾਂ ਆਨ ਦੇਵ ਸੇਵਿਆ ਕੁਟੇਵ ਜਨਮ ਜਨਮਾਂ ਤਰਾਂ ਤੋਂ ਪਈ ਖੋਟੀ ਵਾਦੀ ਹਉਮੈ ਦੀ ਬਾਨ ਨਹੀਂ ਟਲਿਆ ਕਰਦੀ ਪਰ ਸਤਿਗੁਰੂ ਦੇਵ ਨੂੰ ਸੇਵਨ ਕਰਦਿਆਂ ਸੰਸਾਰ ਸਮੁੰਦਰ ਤੋਂ ਹੀ ਨਿਸਤਾਰਾ ਹੋ ਜਾਯਾ ਕਰਦਾ ਹੈ।

ਗੁਰਮੁਖਿ ਸੁਖਫਲ ਮਹਾਤਮ ਅਗਾਧਿ ਬੋਧ ਨੇਤ ਨੇਤ ਨੇਤ ਨਮੋ ਨਮੋ ਉਚਰਤ ਹੈ ।੪੮੯।

ਇਸੇ ਕਰ ਕੇ ਹੀ ਗੁਰਮੁਖੀ ਸੁਖਫਲ ਦੇ ਮਹਾਤਮ ਦਾ ਬੋਧ ਅਗਾਧ ਅਥਾਹ ਹੈ ਓਸ ਨੂੰ ਨੇਤਿ ਨੇਤਿ ਆਖਦੇ ਹੋਏ ਬਾਰੰਬਾਰ ਨਮਸਕਾਰ ਆਖਦੇ ਹਾਂ ॥੪੮੯॥