ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 149


ਧੰਨਿ ਧੰਨਿ ਗੁਰਸਿਖ ਸੁਨਿ ਗੁਰਸਿਖ ਭਏ ਗੁਰਸਿਖ ਮਨਿ ਗੁਰਸਿਖ ਮਨ ਮਾਨੇ ਹੈ ।

ਧੰਨਿ ਧੰਨਿ ਗੁਰ ਸਿਖ ਸੁਨਿ ਗੁਰਸਿਖ ਭਏ ਮੁਬਾਰਕ ਹਨ ਉਹ ਤੇ ਧੰਨਤਾ ਜੋਗ ਹਨ ਉਹ ਜਿਹੜੇ ਗੁਰੂ ਕੀ ਸਿਖ੍ਯਾ ਨੂੰ ਸੁਣ ਕੇ ਗੁਰਸਿਖ ਹੋ ਗਏ ਹਨ। ਗੁਰ ਸਿਖ ਮਨਿ ਗੁਰਸਿਖ ਮਨ ਮਾਨੇ ਹੈ ਅਰੁ ਧੰਨ ਧੰਨ ਦੇ ਲੈਕ ਹਨ ਉਹ, ਜਿਨ੍ਹਾਂ ਨੇ ਸੁਣੀ ਹੋਈ ਉਕਤ ਗੁਰ ਸਿਖਯਾ ਨੂੰ ਮੰਨਨ ਕੀਤਾ ਹੈ ਤੇ ਇਸੇ ਕਰ ਕੇ ਹੀ ਓਨਾਂ ਗੁਰਸਿਖਾਂ ਦੇ ਮਨ ਮੰਨ ਰਹੇ ਹਨ ਭਾਵ ਹੁਣ ਅਮੋੜ ਹੋ ਕੇ ਨਹੀਂ ਵਰਤਦੇ।

ਗੁਰਸਿਖ ਭਾਇ ਗੁਰਸਿਖ ਭਾਉ ਚਾਉ ਰਿਦੈ ਗੁਰਸਿਖ ਜਾਨਿ ਗੁਰਸਿਖ ਜਗ ਜਾਨੇ ਹੈ ।

ਗੁਰ ਸਿਖ ਭਾਇ ਗੁਰਸਿਖ ਭਾਉ ਚਾਉ ਰਿਦੈ ਅਤੇ ਇਵੇਂ ਹੀ ਉਹ ਭੀ ਧੰਨਤਾ ਦੇ ਪਾਤਰ ਹਨ ਗੁਰੂ ਕੀ ਸਿਖ੍ਯਾ ਦੇ ਭਾਇ ਆਸ਼ਯ ਅਨੁਸਾਰ ਹੀ ਜਿਨਾਂ ਗੁਰਸਿੱਖਾਂ ਦੇ ਰਿਦੇ ਅੰਦਰ ਭਾਉ ਸ਼ਰਧਾ ਉਮਗੀ ਰਹਿੰਦੀ ਤੇ ਚਾਉ ਉਮੰਗ ਉਤਸ਼ਾਹ ਜਾਗ੍ਯਾ ਰਹਿੰਦਾ ਹੈ। ਗੁਰ ਸਿਖ ਜਾਨਿ ਗੁਰਸਿਖ ਜਗ ਜਾਨੇ ਹੈ ਤਾਤਪਰਜ ਕੀਹ ਕਿ ਜਿਨ੍ਹਾਂ ਨੇ ਉਕਤ ਰੀਤੀ ਨਾਲ ਗੁਰ ਸਿਖ੍ਯਾ ਨੂੰ ਸੁਣ ਮੰਨਕੇ ਕਮਾਯਾ ਤੇ ਗੁਰ ਸਿਖ੍ਯਾ ਨੂੰ ਜਾਣਿਆ ਕਿ ਇਸਦਾ ਆਹ ਕੁਝ ਮਰਮ ਹੈ ਭਾਵ ਗੁਰ ਸਿਖ੍ਯਾ ਦ੍ਵਾਰੇ ਜਿਨਾਂ ਗੁਰਸਿੱਖਾਂ ਨੂੰ ਗ੍ਯਾਨ ਹੋ ਆਇਆ ਹੈ, ਓਨਾਂ ਗੁਰੂਕਿਆਂ ਸਿੱਖਾਂ ਨੂੰ ਸਾਰਾ ਜਗਤ ਹੀ ਜਾਣਨ ਲਗ ਪੈਂਦਾ ਹੈ।

ਗੁਰਸਿਖ ਸੰਧਿ ਮਿਲੈ ਗੁਰਸਿਖ ਪੂਰਨ ਹੁਇ ਗੁਰਸਿਖ ਪੂਰਨ ਬ੍ਰਹਮ ਪਹਚਾਨੇ ਹੈ ।

ਗੁਰ ਸਿਖ ਸੰਧਿ ਮਿਲੈ ਗੁਰਸਿਖ ਪੂਰਨ ਹੁਇ ਦੂਸਰੇ ਸ਼ਬਦਾਂ ਵਿਚ ਏਹੋ ਹੀ ਗੱਲ, ਪਿਛੇ ਐਉਂ ਆਖੀ ਜਾਂਦੀ ਰਹੀ ਹੈ ਕਿ ਗੁਰੂ ਸਿੱਖ ਦੀ ਸੰਧੀ ਜੋੜ ਜਦ ਆਣ ਮਿਲਦਾ ਹੈ ਤਾਂ ਗੁਰੂ ਕਾ ਸਿਖ ਪੂਰਾ ਪੂਰਾ ਸਿੱਖ ਬਣਿਆ ਕਰਦਾ ਹੈ ਅਰਥਾਤ ਸਿਖ੍ਯਾ ਸੁਣ ਮੰਨ ਕਮਾ ਕੇ, ਜਦ ਮਰਮ ਉਸ ਦਾ ਜਾਣਿਆ ਤਾਂ ਗੁਰੂ ਦਾ ਸਿਖ ਪੂਰਾ ਪੂਰਾ ਸਿੱਖ ਬਣਿਆ ਕਰਦਾ ਹੈ ਅਰਥਾਤ ਸਿਖ੍ਯਾ ਸੁਣ ਮੰਨ ਕਮਾ ਕੇ ਜਦ ਮਰਮ ਉਸ ਦਾ ਜਾਣਿਆ ਤਾਂ ਗੁਰੂ ਦਾ ਅਰੁ ਸਿੱਖ ਦਾ ਮਨ ਆਪੋ ਵਿਚ ਪਤੀਜਦਾ ਪ੍ਰਤੀਤ ਦੇ ਘਰ ਆਯਾ ਕਰਦਾ ਹੈ। ਤੇ ਬੱਸ ਏਸੇ ਅਵਸਥਾ ਵਿਖੇ ਹੀ ਗੁਰਸਿਖ ਪੂਰਨ ਬ੍ਰਹਮ ਪਹਿਚਾਨੇ ਹੈ ਗੁਰੂ ਦਾ ਸਿੱਖ ਪੂਰਨ ਬ੍ਰਹਮ ਪਰਮਾਤਮਾ ਦੇ ਸਾਖ੍ਯਾਤਕਾਰ ਅਪਰੋਖ੍ਯ ਗ੍ਯਾਨ ਨੂੰ ਪ੍ਰਾਪਤ ਹੋਯਾ ਕਰਦਾ ਹੈ।

ਗੁਰਸਿਖ ਪ੍ਰੇਮ ਨੇਮ ਗੁਰਸਿਖ ਸਿਖ ਗੁਰ ਸੋਹੰ ਸੋਈ ਬੀਸ ਇਕੀਸ ਉਰਿ ਆਨੇ ਹੈ ।੧੪੯।

ਗੁਰ ਸਿਖ ਪ੍ਰੇਮ ਨੇਮ ਗੁਰ ਸਿਖ ਸਿਖ ਗੁਰ ਇਸ ਪ੍ਰਕਾਰ ਦੇ ਗੁਰੂ ਅਰੁ ਸਿੱਖ ਦੇ ਪ੍ਰੇਮ ਨਿਭਨ ਦਾ ਇਹ ਨੇਮ ਸੰਕੇਤ ਹੈ ਕਿ ਗੁਰੂ ਸਿੱਖ ਵਿਚ ਤੇ ਸਿੱਖ ਗੁਰੂ ਵਿਚ, ਅਭੇਦ ਹੋ ਜਾਂਦੇ ਹੈ। ਏਸੇ ਨੂੰ ਹੀ 'ਸੋਹੰ ਸੋਈ ਬੀਸ ਇਕੀਸ' 'ਓਹੋ ਹੀ ਹਾਂ' ਐਸੇ ਉੱਚਾਰਣ ਕਰਦਾ ਵਾ ਅੰਦਰੇ ਅੰਦਰ ਜ੍ਯੋਂ ਕਾ ਤ੍ਯੋਂ ਇਉਂ ਸਮਝਦਾ ਹੋਯਾ, ਬੀਸ ਵੀਹਾਂ ਦੇ ਵਰਤਾਰੇ ਵਿਚ ਵਰਤਨਹਾਰਾ ਜੀਵ ਤੇ ਈਸ ਈਸ਼੍ਵਰ ਇਕ ਰੂਪ ਹੀ ਉਰ ਹਿਰਦੇ ਵਿਖੇ ਆਨੇ ਹੈ ਲ੍ਯੌਂਦਾ ਹੈ। ਅਥਵਾ ਵੀਹਾਂ ਦੇ ਵਰਤਾਰੇ ਵਾਲਾ ਜੀਵ ਤੇ ਇਕੀਸਵੇਂ ਵਰਤਾਰੇ ਵਿਖੇ ਵਰਤਨ ਹਾਰਾ ਈਸ਼੍ਵਰ ਇਕ ਸਰੂਪ ਹੀ ਸਦਾ ਨਿਸਚੇ ਵਿਚ ਲਿਆਇਆ ਕਰਦਾ ਹੈ ॥੧੪੯॥


Flag Counter