ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 386


ਕਊਆ ਜਉ ਮਰਾਲ ਸਭਾ ਜਾਇ ਬੈਠੇ ਮਾਨਸਰ ਦੁਚਿਤ ਉਦਾਸ ਬਾਸ ਆਸ ਦੁਰਗੰਧ ਕੀ ।

ਜੇਕਰ ਕਾਂ ਮਾਨਸਰੋਵਰ ਉੱਤੇ ਮਰਾਲ ਹੰਸਾਂ ਦੀ ਸਭਾ ਵਿਚ ਜਾ ਬੈਠੇ ਤਾਂ ਦੁਰਗੰਧ ਵਿਸ਼ਟੇ ਦੀ ਆਸਾ ਵਿਚ ਦੁਚਿੱਤਾ ਤੇ ਉਦਾਸ ਉਦਾਸ ਜਿਹਾ ਹੀ ਉਥੇ ਬਾਸ ਕਰਦਾ ਬੈਠਦਾ ਹੈ।

ਸ੍ਵਾਨ ਜਿਉ ਬੈਠਾਈਐ ਸੁਭਗ ਪ੍ਰਜੰਗ ਪਾਰ ਤਿਆਗਿ ਜਾਇ ਚਾਕੀ ਚਾਟੈ ਹੀਨ ਮਤ ਅੰਧ ਕੀ ।

ਜਿਸ ਤਰ੍ਹਾਂ ਕੁੱਤੇ ਨੂੰ ਚਾਹੇ ਸੁੰਦਰ ਪ੍ਰਜੰਕ ਪਲੰਘ ਉੱਤੇ ਬਿਠਾਈਏ ਕਿੰਤੂ ਉਹ ਉਸ ਪਲੰਘ ਨੂੰ ਤ੍ਯਾਗ ਕੇ ਚੱਕੀ ਨੂੰ ਚੱਟਨ ਜਾ ਲਗਦਾ ਹੈ ਕ੍ਯੋਂਜੁ ਉਸ ਅੰਧ ਮੂਰਖ ਦੀ ਮਤਿ ਜੂ ਮਾਰੀ ਹੋਈ ਹੈ।

ਗਰਧਬ ਅੰਗ ਅਰਗਜਾ ਜਉ ਲੇਪਨ ਕੀਜੈ ਲੋਟਤ ਭਸਮ ਸੰਗਿ ਹੈ ਕੁਟੇਵ ਕੰਧ ਕੀ ।

ਖੋਤੇ ਦੇ ਅੰਗਾਂ ਸ਼ਰੀਰ ਉਪਰ ਜੇਕਰ ਅਰਗਜਾ ਅਤਰ ਅੰਬੀਰ ਦਾ ਲੇਪ ਲਗਾਈਏ ਮਲੀਏ ਤਾਂ ਭੀ ਉਹ ਰਾਖ ਦੀ ਢੇਰੀ ਰੂੜੀ ਉਪਰ ਹੀ ਜਾ ਜਾ ਪਲਸੇਟੇ ਮਾਰਦਾ ਹੈ ਕ੍ਯੋਂਜੁ ਓਸ ਦੇ ਕੰਧਿਆਂ ਮੋਢਿਆਂ ਨੂੰ ਇਹ ਕੁਟੇਵ ਖੋਟੀ ਬਾਣ ਹੀ ਪਈ ਹੋਈ ਹੈ।

ਤੈਸੇ ਹੀ ਅਸਾਧ ਸਾਧਸੰਗਤਿ ਨ ਪ੍ਰੀਤਿ ਚੀਤਿ ਮਨਸਾ ਉਪਾਧ ਅਪਰਾਧ ਸਨਬੰਧ ਕੀ ।੩੮੬।

ਤਿਸੀ ਪ੍ਰਕਾਰ ਹੀ ਅਸਾਧ ਸਾਕਤ ਮਨਮੁਖ ਦੇ ਚਿੱਤ ਅੰਦਰ ਸਾਧ ਸੰਗਤ ਗੁਰਮੁਖਾਂ ਸੰਤਾਂ ਦੀ ਸੰਗਤ ਵਿਚ ਪ੍ਰੀਤੀ ਰਤੀ ਭਰ ਭੀ ਨਹੀਂ ਹੁੰਦੀ; ਓਸ ਨੂੰ ਤਾਂ ਸਦਾ ਐਸੇ ਸਨਬੰਧ ਦੀ ਹੀ ਮਨਸਾ ਲਗੀ ਰਹਿੰਦੀ ਹੈ ਜਿਥੇ ਕਿ ਕੋਈ ਉਪਾਧ ਖੜੀ ਕੀਤੀ ਜਾ ਸਕੇਯਾ ਅਪ੍ਰਾਧ ਕਰ ਸਕਨ ਦਾ ਅਉਸਰ ਮਿਲ ਸਕੇ ॥੩੮੬॥


Flag Counter