ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 452


ਜੈਸੇ ਉਲੂ ਦਿਨ ਸਮੈ ਕਾਹੂਐ ਨ ਦੇਖਿਓ ਭਾਵੈ ਤੈਸੇ ਸਾਧਸੰਗਤਿ ਮੈ ਆਨ ਦੇਵ ਸੇਵਕੈ ।

ਜਿਸ ਤਰ੍ਹਾਂ ਉੱਲੂ ਦਿਨ ਦੇ ਸਮੇਂ ਕਿਸੇ ਨੂੰ ਭੀ ਦੇਖਿਆ ਨਹੀਂ ਭੌਂਦਾ; ਤਿਸੇ ਪ੍ਰਕਾਰ ਹੀ ਸਾਧ ਸੰਗਤ ਅੰਦਰ ਇਕ ਮਾਤ੍ਰ ਗੁਰੂ ਮਹਾਰਾਜ ਬਾਝੋਂ ਹੋਰਨਾਂ ਦੇਵਤਿਆਂ ਦੀ ਸੇਵਾ ਆਰਾਧਨਾ ਕਰਣ ਹਾਰਾ ਭੀ ਕਿਸੇ ਤਰ੍ਹਾਂ ਦੇਖ੍ਯਾ ਜਾਣਾ ਪ੍ਰਵਾਣ ਨਹੀਂ ਰਖਿਆ ਗਿਆ।

ਜੈਸੇ ਕਊਆ ਬਿਦਿਆਮਾਨ ਬੋਲਤ ਨ ਕਾਹੂ ਭਾਵੈ ਆਨ ਦੇਵ ਸੇਵਕ ਜਉ ਬੋਲੈ ਅਹੰਮੇਵ ਕੈ ।

ਜਿਸ ਤਰ੍ਹਾਂ ਕਾਂ ਬਿਦਿਆ ਸਪਸ਼ਟ ਸਾਮਰਤੱਖ ਬੋਲਦਾ ਹੋਇਆ ਭੀ ਕਿਸੇ ਨੂੰ ਨਹੀਂ ਭਾਇਆ ਕਰਦਾ ਤਿਸੇ ਤਰ੍ਹਾਂ ਹੋਰ ਦੇਵਤਿਆਂ ਦਾ ਸੇਵਕ ਹਉਮੈ ਦੇ ਅਧੀਨ ਹੋਇਆ ਹੋਣ ਕਰ ਕਿ ਮੈਂ ਅਮੁਕੇ ਦੇਵਤਾ ਦਾ ਭਗਤ ਵੈਸ਼ਨਵ ਆਚਾਰੀ ਯਾ ਸ਼ੈਵ ਆਦਿ ਹਾਂ, ਐਸਾ ਮਾਨ ਧਾਰ ਕੇ ਬੋਲਿਆ ਕਿਸੇ ਨੂੰ ਨਹੀਂ ਭਾਇਆ ਕਰਦਾ।

ਕਟਤ ਚਟਤ ਸ੍ਵਾਨ ਪ੍ਰੀਤਿ ਬਿਪ੍ਰੀਤਿ ਜੈਸੇ ਆਨ ਦੇਵ ਸੇਵਕ ਸੁਹਾਇ ਨ ਕਟੇਵ ਕੈ ।

ਜਿਸ ਤਰ੍ਹਾਂ ਕੁੱਤਾ ਪ੍ਰੀਤੀ ਕਰਦਿਆਂ ਚੱਟਦਾ ਅਤੇ ਬਿਪ੍ਰੀਤ ਕੀਤਿਆਂ ਘੂਰਿਆਂ ਤਾੜਿਆਂ ਵੱਢਨ ਪੈਂਦਾ ਦੋਵੇਂ ਤਰਾਂ ਹੀ ਚੰਗਾ ਨਹੀਂ ਲਗਦਾ ਹੈ; ਇਸੇ ਤਰ੍ਹਾਂ ਹੀ ਹੋਰ ਦੇਵਤਿਆਂ ਦੇ ਸੇਵਕਾਂ ਦੀ ਐਸੀ ਕੁਟੇਵ ਭੈੜੀ ਵਾਦੀ ਸੁਹੌਂਦੀ ਪਸਿੰਦ ਕੀਤੀ ਜਾਂਦੀ ਨਹੀਂ। ਭਾਵ ਓਨਾਂ ਦੀ ਪ੍ਰੀਤ ਤੇ ਵੈਰ ਦੋਵੇਂ ਹੀ ਕੁੱਤੇ ਦੇ ਕੱਟਨ ਚੱਟਨ ਵਤ ਚੰਗੇ ਨਹੀਂ ਲਗਦੇ।

ਜੈਸੇ ਮਰਾਲ ਮਾਲ ਸੋਭਤ ਨ ਬਗੁ ਠਗੁ ਕਾਢੀਐ ਪਕਰਿ ਕਰਿ ਆਨ ਦੇਵ ਸੇਵਕੈ ।੪੫੨।

ਜਿਸ ਤਰ੍ਹਾਂ ਹੰਸਾਂ ਦੀ ਡਾਰ ਵਿਚ ਠੱਗ ਬਗਲਾ ਨਹੀਂ ਸੋਭਾ ਸਕਦਾ ਚੁੰਝਾਂ ਮਾਰ ਕੇ ਕੱਢ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਸਾਧ ਸੰਗਤ ਵਿਚੋਂ ਹੋਰ ਹੋਰ ਦੇਵਤਿਆਂ ਦੇ ਸੇਵਨ ਹਾਰਿਆਂ ਨੂੰ ਫੜ ਕੇ ਬਾਹਰ ਕੱਢ ਦਿੱਤਾ ਚਾਹੀਏ ॥੪੫੨॥


Flag Counter