ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 129


ਜੈਸੇ ਤਉ ਗੋਬੰਸ ਤਿਨ ਖਾਇ ਦੁਹੇ ਗੋਰਸ ਦੈ ਗੋਰਸ ਅਉਟਾਏ ਦਧਿ ਮਾਖਨ ਪ੍ਰਗਾਸ ਹੈ ।

ਜੈਸੇ ਤਉ ਗੋਬੰਸ ਤ੍ਰਿਣ ਖਾਇ ਦੁਹੇ ਗੋਰਸ ਦੈ ਜਿਸ ਪ੍ਰਕਾਰ ਫੇਰ ਗੋਬੰਸ ਗਊ ਜਾਤੀ ਗਊ ਮਾਤ੍ਰ ਘਾਹ ਖਾਂਦੀ ਹੈ, ਤੇ ਦੁਹੇ ਚੋਇਆਂ ਤੇ ਗੋ ਰਸ ਦੈ ਦੁੱਧ ਦਿੱਤਾ ਕਰਦੀ ਹੈ। ਉਸ ਗੋਰਸ ਅਉਟਾਏ ਦੁਧ ਨੂੰ ਕਾੜਿਆਂ ਦਧਿ ਮਾਖਨ ਪ੍ਰਗਾਸ ਹੈ ਜਾਗ ਲਗਾਨ ਕਰ ਕੇ ਦਹੀਂ ਤੇ ਮਖਨ ਦੀ ਪ੍ਰਗਟਤਾ ਹੁੰਦੀ ਹੈ।

ਊਖ ਮੈ ਪਿਊਖ ਤਨ ਖੰਡ ਖੰਡ ਕੇ ਪਰਾਏ ਰਸ ਕੇ ਅਉਟਾਏ ਖਾਂਡ ਮਿਸਰੀ ਮਿਠਾਸ ਹੈ ।

ਊਖ ਮੈ ਪਿਊਖ ਕਮਾਦ ਦੇ ਗੰਨੇ ਵਿਚ ਅਮ੍ਰਿਤ ਰਹੁ ਰਸ ਹੁੰਦਾ ਹੈ ਪਰ ਜਦ ਤਨ ਖੰਡ ਖੰਡ ਕੇ ਪਿਰਾਏ ਉਹ ਅਪਨੇ ਸਰੀਰ ਨੂੰ ਪਿਰਾਏ ਕੇ ਕੋਲੂ ਵਿਚ ਪਿੜਵਾ ਕੇ ਟੋਟੇ ਟੋਟੇ ਕਰਵਾ ਸਿੱਟਦਾ ਹੈ। ਰਸ ਕੇ ਅਉਟਾਏ ਅਤੇ ਓਸ ਰਸ ਨੂੰ ਜਦ ਕਾੜੀਏ ਭਲੀ ਪ੍ਰਕਾਰ ਉਬਾਲੀਏ ਤਾਂ ਖੰਡ ਮਿਸਰੀ ਮਿਠਾਸ ਹੈ ਉਹ ਖੰਡ ਮਿਸਰੀ ਆਦਿ ਮਿਠਿਆਈਆਂ ਬਣ ਜਾਂਦਾ ਹੈ।

ਚੰਦਨ ਸੁਗੰਧ ਸਨਬੰਧ ਕੈ ਬਨਾਸਪਤੀ ਢਾਕ ਅਉ ਪਲਾਸ ਜੈਸੇ ਚੰਦਨ ਸੁਬਾਸ ਹੈ ।

ਚੰਦਨ ਸੁਗੰਧ ਸਨਬੰਧ ਕੈ ਬਨਾਸਪਤੀ ਇਵੇਂ ਹੀ ਜੀਕੂੰ ਚੰਦਨ ਦੀ ਸ੍ਰੇਸ਼ਟ ਬਾਸਨਾ ਦੀ ਸੰਗਤ ਮੇਲ ਕਰ ਕੇ ਬਨਾਸਪਤੀ ਢਾਕ ਅਉ ਪਲਾਸ ਜੈਸੇ ਢਾਕ ਪਲਾਹ ਛਿਛਰੇ ਦੇ ਝਾੜਦਾਰ ਤੇ ਉਚੇ ਬਿਰਛਾਂ ਵਰਗੀ ਭੀ ਨੀਚ ਜਾਤ ਦੀ ਬਨਸਪਤੀ ਚੰਦਨ ਸੁਬਾਸ ਹੈ ਚੰਦਨ ਰੂਪ ਹੀ ਸੁਗੰਧੀ ਵਾਲੀ ਬਣ ਜਾਂਦੀ ਹੈ।

ਸਾਧੁਸੰਗਿ ਮਿਲਤ ਸੰਸਾਰੀ ਨਿਰੰਕਾਰੀ ਹੋਤ ਗੁਰਮਤਿ ਪਰਉਪਕਾਰ ਕੇ ਨਿਵਾਸ ਹੈ ।੧੨੯।

ਇਸੀ ਪ੍ਰਕਾਰ ਸਾਧਸੰਗਿ ਮਿਲਤ ਸੰਸਾਰੀ ਨਿਰੰਕਾਰੀ ਹੋਤ ਸਾਧ ਸੰਗਤਿ ਵਿਖੇ ਮਿਲਦੇ ਸਾਰ ਸੰਸਾਰੀ ਮਨੁੱਖ ਭੀ ਨਿਰੰਕਾਰੀ ਬਣ ਜਾਂਦੇ ਹਨ ਇਸ ਤਰ੍ਹਾਂ ਨਾਲ ਗੁਰਮਤਿ ਪਰਉਪਕਾਰ ਕੈ ਨਿਵਾਸ ਹੈ ਗੁਰਮਤਿ ਵਿਚ ਤਾਂ ਪਰ ਦੂਰ ਵਾਸੀ ਵਿਛੜ੍ਯਾਂ ਨੂੰ ਭੀ ਉਪਕਾਰ ਸਮੀਪੀ ਪ੍ਯਾਰਾ ਨਿਕਟੀ ਮੇਲੀ ਬਣਾ ਲੈਣ ਵਾਲੇ ਗੁਣ ਦਾ ਹੀ ਸਦੀਵ ਨਿਵਾਸ ਰਹਿਦ ਹੈ। ਅਥਵਾ ਗੁਰਮਤਿ ਤੇ ਉਪਕਾਰ ਦਾ ਨਿਵਾਸੀ ਘਰ ਇਹ ਸਤਸੰਗ ਹੈ। ਭਾਵ ਜਿਸ ਤਰ੍ਹਾਂ ਗਊ ਜਾਤੀ ਦੀ ਸੰਗਤ ਵਿਖੇ, ਘਾਸ ਤ੍ਰਿਣ ਆਦਿ ਦੁਧ ਰੂਪ ਅੰਮ੍ਰਿਤ ਹੋ ਪ੍ਰਗਟਦਾ ਹੈ ਤੇ ਵੇਲਣੇ ਦੀ ਸੰਗਤ ਪਾ ਕੇ ਗੰਨਾ ਮਧੁਰਤਾ ਦੇ ਸਰੂਪ ਧਾਰਣ ਵਾਲਾ ਬਣ ਜਾਂਦਾ ਹੈ, ਅਤੇ ਚੰਦਨ ਦੀ ਸੰਗਤ ਕਾਰਣ ਢੱਕ ਪਲਾਸ ਆਦਿ ਛਿਛਰੇ ਭੀ ਚੰਨਣ ਬਣ ਜਾਂਦੇ ਹਨ, ਇਸੇ ਤਰ੍ਹਾਂ ਸਾਧ ਸੰਗਤ ਨੀਚ ਊਚ ਸਭ ਸੰਸਾਰੀਆਂ ਨੂੰ ਹੀ ਨਿਰੰਕਾਰੀ ਗੁਰੂ ਕੇ ਸਿੱਖ ਬਣਾ ਲਿਆ ਕਰਦੀ ਹੈ ॥੧੨੯॥


Flag Counter