ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 233


ਮਾਇਆ ਛਾਇਆ ਪੰਚ ਦੂਤ ਭੁਤ ਉਦਮਾਦ ਠਟ ਘਟ ਘਟ ਘਟਿਕਾ ਮੈ ਸਾਗਰ ਅਨੇਕ ਹੈ ।

ਮਾਯਾ ਦੀ ਛਾਯਾ ਪ੍ਰਛਾਵੇਂ ਅੰਧਕਾਰ ਮਈ ਪਤੋ ਅੰਦਰ ਕਾਮ ਕ੍ਰੋਧ ਆਦਿ ਪੰਜੇ ਦੁਸ਼ਟ, ਭੂਤਨਿਆਂ ਨ੍ਯਾਈਂ ਉਦਮਾਦ ਕਮਲਪਨ ਊਧਮ ਠਟ ਰਹੇ ਮਚਾ ਰਹੇ ਹਨ। ਜਿਸ ਦੇ ਅਧੀਨ ਘਟ ਘਟ ਸ਼ਰੀਰ ਸ਼ਰੀਰ ਵਿਖੇ, ਘਟਿਕਾ ਮੈ ਘੜੀ ਝੱਜਰ ਵਿਚਾਲੇ ਮਾਨੋਂ ਅਨੇਕਾਂ ਸਮੁੰਦ੍ਰਾਂ ਨੂੰ ਬੰਦ ਕੀਤਾ ਜਾ ਰਿਹਾ ਹੈ।

ਅਉਧ ਪਲ ਘਟਿਕਾ ਜੁਗਾਦਿ ਪਰਜੰਤ ਆਸਾ ਲਹਰਿ ਤਰੰਗ ਮੈ ਨ ਤ੍ਰਿਸਨਾ ਕੀ ਟੇਕ ਹੈ ।

ਜਿਸ ਕਰ ਕੇ ਪਲ ਘੜੀਆਂ ਅਰੁ ਜੁਗਾਂ ਜੁਗਾਂਤ੍ਰਾਂ ਪ੍ਰਯੰਤ ਉਮਰਾਂ ਅੰਦਰਲੀਆਂ ਆਸਾਂ ਉਮੇਦਾਂ ਦੇ ਸਰੂਪ ਵਿਚ ਤ੍ਰਿਸ਼ਨਾ ਲਹਿਰ ਤਰੰਗਾਂ ਮਈ ਹੋ ਕੇ ਉਛਾਲੇ ਮਾਰ ਰਹੀ ਹੈ, ਤੇ ਇਸ ਨੂੰ ਟੇਕ ਸਹਾਰਾ ਢਾਰਸ ਨਹੀਂ ਮਿਲਦੀ ਭਾਵ ਬੱਸ ਹੋਣ ਵਿਚ ਨਹੀਂ ਔਂਦੀ।

ਮਨ ਮਨਸਾ ਪ੍ਰਸੰਗ ਧਾਵਤ ਚਤੁਰ ਕੁੰਟ ਛਿਨਕ ਮੈ ਖੰਡ ਬ੍ਰਹਮੰਡ ਜਾਵਦੇਕ ਹੈ ।

ਸੌ ਜਾਵਦੇਕ ਹੈ ਜਦੋਂ ਤਕ ਇਹ ਇਕ ਤ੍ਰਿਸ਼ਨਾ ਮਾਯਾ ਹੈ ਤਦੋਂ ਤਕ ਇਹ ਮਨ ਮਨਸਾ ਦੇ ਪ੍ਰਸੰਗ ਸਾਥ ਵਿਚ ਚੌਹੀਂ ਕੁੰਟੀਂ ਇਕ ਛਿਣ ਭਰ ਅੰਦਰ ਖੰਡਾਂ ਬ੍ਰਹਮੰਡਾਂ ਵਿਚਾਲੇ ਭੌਂਦਾ ਭਟਕਦਾ ਹੀ ਰਹੇਗਾ।

ਆਧਿ ਕੈ ਬਿਆਧਿ ਕੈ ਉਪਾਧਿ ਕੈ ਅਸਾਧ ਮਨ ਸਾਧਿਬੇ ਕਉ ਚਰਨ ਸਰਨਿ ਗੁਰ ਏਕ ਹੈ ।੨੩੩।

ਇਸੇ ਕਰ ਕੇ ਹੀ ਬੱਸ, ਮਨ ਆਧੀਆਂ ਮਾਨਸੀ ਦੁੱਖਾਂ ਕਰ ਕੇ ਬਿਆਧਿ ਕੈ ਸਰੀਰਿਕ ਰੋਗਾਂ ਕਰ ਕੇ ਤਥਾ ਉਪਾਧਿ ਕੈ ਲੌਕਿਕ ਬਖੇੜਿਆਂ ਕਰ ਕੇ ਕਸ਼ਟਾਤੁਰ ਦੁਖੀ ਰਹਿਣੋਂ ਅਸਾਧ ਹੈ ਨਹੀਂ ਸਾਧ੍ਯਾ ਬਚਾਯਾ ਜਾ ਸਕਦਾ। ਇਸ ਦੇ ਸਧੀਨ ਲਈ ਭਟਕਨੋਂ ਭਰਮਨੋਂ ਬਚਾਨ ਵਾਸਤੇ ਇਕ ਮਾਤ੍ਰ ਉਪਾਵ ਹੈ ਤਾਂ ਉਹ ਕੇਵਲ ਗੁਰੂ ਮਹਾਰਾਜ ਦੇ ਚਰਣਾਂ ਦੀ ਸਰਣ ਹੀ ਹੈ ॥੨੩੩॥


Flag Counter