ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 57


ਗੁਰਮੁਖਿ ਪੰਥ ਗਹੇ ਜਮਪੁਰਿ ਪੰਥ ਮੇਟੇ ਗੁਰਸਿਖ ਸੰਗ ਪੰਚ ਦੂਤ ਸੰਗ ਤਿਆਗੇ ਹੈ ।

ਐਸਿਆਂ ਗੁਰੂਆਂ ਦਾ ਚਲਾਇਆ ਹੋਇਆ ਧੁਰੋਂ ਪ੍ਰਵਿਰਤਿਆ ਜੋ ਗੁਰਮੁਖ ਪੰਥ ਮਾਰਗ ਪੱਧਤੀ ਪ੍ਰਣਾਲੀ ਵਾ ਪ੍ਰਪਾਟੀ ਹੈ, ਓਸ ਦੇ ਗਹੇ ਗ੍ਰਹਣ ਕੀਤਿਆਂ ਧਾਰਣ ਕੀਤਿਆਂ ਇਹ ਜਮ ਪੁਰ ਨਰਕ ਦਾ ਰਾਹ ਮੇਟ ਸਿੱਟਦਾ ਹੈ। ਐਹੋ ਜੇਹਿਆਂ ਇਸ ਮਾਰਗ ਦੀ ਸਿਖ੍ਯਾ ਧਾਰਣ ਵਾਲਿਆਂ ਗੁਰ ਸਿਖਾਂ ਦੇ ਸੰਗ ਜੋੜ ਸੰਗਤਿ ਵਿਚ ਬੈਠਣ ਵਾਲੇ ਦਾ ਪੰਜ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪ ਦੁਸ਼ਟ ਸੰਗ ਸਾਥ ਤਿਆਗ ਦਿੰਦੇ ਹਨ। ਭਾਵ ਓਨਾਂ ਦੀ ਸ਼ਕਤੀ ਏਨਾਂ ਗੁਰਮੁਖਾਂ ਨੂੰ ਆਪਣੇ ਅਧੀਨ ਕਰਣੋਂ ਮੂਲੋਂ ਹੀ ਨਾਸ ਹੋ ਜਾਇਆ ਕਰਦੀ ਹੈ।

ਚਰਨ ਸਰਨਿ ਗੁਰ ਕਰਮ ਭਰਮ ਖੋਏ ਦਰਸ ਅਕਾਲ ਕਾਲ ਕੰਟਕ ਭੈ ਭਾਗੇ ਹੈ ।

ਗੁਰੂ ਮਹਾਰਾਜ ਜੀ ਦੇ ਚਰਣਾਂ ਦੀ ਆਂਭ ਸਾਂਭ ਹੋਣ ਸਾਰ ਕਰਮਾਂ ਦਾ ਭਰਮ ਖੋਇ ਨਿਵਿਰਤ ਹੋ ਜਾਂਦਾ ਹੈ ਅਰਥਾਤ ਅਮੁਕਾ ਕਰਮ ਕੀਤਿਆਂ ਆਹ ਹਾਨੀ ਹੋ ਜਾਂਦੀ ਹੈ ਯਾ ਅਮੁਕੇ ਦੇ ਕੀਤਿਆਂ ਫੁਲਾਨਾ ਹਰਜਾ ਵਾਪਰੇਗਾ; ਇਸ ਭਾਂਤ ਦਾ ਕਰਮ ਪ੍ਰਾਇਣੀ ਬਿਧੀ ਨਿਖੇਧ ਦਾ ਸੰਸਾ ਹੀ ਨਿਵਿਰਤ ਹੋ ਜਾਯਾ ਕਰਦਾ ਹੈ। ਔਰ ਅਕਾਲ ਅਬਿਨਾਸ਼ੀ ਸਤ੍ਯ ਸਰੂਪ ਦੇ ਦਰਸ ਸਾਖ੍ਯਾਤ ਦਰਸ਼ਨ ਕਰ ਕੇ ਕਾਲ ਕੰਟਕ ਕੰਡੇ ਸਮਾਨ ਦੁਖਦਾਈ ਕਾਲ ਵਾ ਕੰਡੇ ਸਮਾਨ ਹਰ ਸਮ੍ਯ ਚੁਭਦੇ ਰਹਿਣ ਵਾਲਾ ਚਿੱਤ ਅੰਦਰ ਜੋ ਕਾਲ ਦਾ ਖਤਰਾ ਅਥਵਾ ਮੌਤ ਦਾ ਸੰਸਾ ਓਸ ਦਾ ਭੈ ਤੌਖਲਾ ਡਰ ਭੀ ਭਜ ਨੱਠ ਨਾਸ਼ ਹੋ ਜਾਇਆ ਕਰਦਾ ਹੈ।

ਗੁਰ ਉਪਦੇਸ ਵੇਸ ਬਜ੍ਰ ਕਪਾਟ ਖੁਲੇ ਸਬਦ ਸੁਰਤਿ ਮੂਰਛਤ ਮਨ ਜਾਗੇ ਹੈ ।

ਗੁਰ ਉਪਦੇਸ ਵੇਸ ਗੁਰ ਉਪਦੇਸ਼ ਵਿਖੇ ਅਵੇਸ਼ ਸਮਾਈ ਪਾ ਲੈਣ ਲਗਨ ਦੀ ਦ੍ਰਿੜ੍ਹਤਾ ਹੋ ਜਾਣ ਵਾ ਪ੍ਰਵੇਸ਼ ਪਾ ਲੈਣ ਕਰ ਕੇ ਅਰਥਾਤ ਗੁਰ ਉਪਦੇਸ਼ ਦੀ ਕਮਾਈ ਦੇ ਸੰਚੇ ਵਿਚ ਢਾਲ ਕੇ ਮਾਨੋ ਉਪਦੇਸ਼ ਮਈ ਵੇਸ ਹੀ ਢਾਲ ਲੈਣ ਕਰ ਕੇ ਬੱਜਰ ਸਮਾਨ ਜੜੇ ਹੋਏ ਆਸਾ ਅੰਦੇਸੇ ਵਾ ਅਗਿਆਨ ਭਰਮ ਦੇ ਕਪਾਟ ਕਿਵਾੜ ਖੁਲ ਜਾਂਦੇ ਹਨ ਭਾਵ ਅਨਭਉ ਜਾਗ ਔਂਦਾ ਹੈ ਤੇ ਸ਼ਬਦ ਵਿਖੇ ਸੁਰਤ ਦੇ ਪੂਰੇ ਪੂਰੇ ਪਰਚ ਗਿਆਂ ਮੋਇਆ ਮਨ ਜਾਗ ਆਇਆ ਕਰਦਾ ਹੈ।

ਕਿੰਚਤ ਕਟਾਛ ਕ੍ਰਿਪਾ ਸਰਬ ਨਿਧਾਨ ਪਾਏ ਜੀਵਨ ਮੁਕਤਿ ਗੁਰ ਗਿਆਨ ਲਿਵ ਲਾਗੇ ਹੈ ।੫੭।

ਇਸ ਅਵਸਥਾ ਵਿਖੇ ਕਿੰਚਿਤ ਮਾਤ੍ਰ ਕ੍ਰਿਪਾ ਕਟਾਖ੍ਯ ਦੀ ਪ੍ਰਾਪਤ ਹੋ ਔਂਦੇ ਹਨ ਤੇ ਗੁਰੂ ਮਹਾਰਾਜ ਦਾ ਵਾਸਤਵੀ ਗਿਆਨ ਪ੍ਰਗਟ ਹੋ ਕੇ ਓਸ ਵਿਚ ਲਿਵ ਲੱਗੀ ਰਿਹਾ ਕਰਦੀ ਤੇ ਗੁਰਮੁਖ ਜੀਵਨ ਮੁਕਤ ਬ੍ਰਹਮ ਗਿਆਨ ਹੋ ਜਾਇਆ ਕਰਦਾ ਹੈ ॥੫੭॥


Flag Counter