ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 502


ਜੈਸੇ ਜਲ ਮਧਿ ਮੀਨ ਮਹਿਮਾ ਨ ਜਾਨੈ ਪੁਨਿ ਜਲ ਬਿਨ ਤਲਫ ਤਲਫ ਮਰਿ ਜਾਤਿ ਹੈ ।

ਜਿਸ ਤਰ੍ਹਾਂ ਜਲ ਅੰਦਰ ਹੁੰਦਿਆਂ ਤਾਂ ਮੱਛੀ ਉਸ ਦੀ ਐਡੀ ਮਹਮਾ ਕਦਰ ਨਹੀਂ ਜਾਣ੍ਯਾ ਕਰਦੀ ਬੇਧ੍ਯਾਨੀ ਇਧਰ ਉਧਰ ਕਲੋਲ ਕਰਦੀ ਫਿਰਿਆ ਕਰਦੀ ਹੈ, ਪ੍ਰੰਤੂ ਜਲ ਤੋਂ ਬਿਨਾਂ ਵਖਰੀ ਹੋਈ ਨਹੀਂ ਕਿ; ਤੜਫ ਤੜਫ ਮਰ ਜਾਂਦੀ ਹੈ।

ਜੈਸੇ ਬਨ ਬਸਤ ਮਹਾਤਮੈ ਨ ਜਾਨੈ ਪੁਨਿ ਪਰ ਬਸ ਭਏ ਖਗ ਮ੍ਰਿਗ ਅਕੁਲਾਤ ਹੈ ।

ਜਿਸ ਤਰ੍ਹਾਂ ਖਗ ਮ੍ਰਿਗ ਪੰਛੀ ਅਰੁ ਪਸੂ ਬਨ ਅੰਦਰ ਵਸਦੇ ਬਨ ਦੇ ਮਹਾਤਮ ਪ੍ਰਭਾਵ ਨੂੰ ਨਹੀਂ ਜਾਣਿਆ ਕਰਦੇ, ਪ੍ਰੰਤੂ ਸ਼ਿਕਾਰੀ ਦ੍ਵਾਰੇ ਫੜੀਨ ਤੇ ਪਰਅਧੀਨ ਹੁੰਦੇ ਸਾਰ ਹੀ ਫੇਰ ਤਾਂ ਵਿਆਕੁਲ ਹੋਯਾਂ ਚੀਕਾਂ ਮਾਰਿਆ ਕਰਦੇ ਹਨ।

ਜੈਸੇ ਪ੍ਰਿਅ ਸੰਗਮ ਕੈ ਸੁਖਹਿ ਨ ਜਾਨੈ ਤ੍ਰਿਆ ਬਿਛੁਰਤ ਬਿਰਹ ਬ੍ਰਿਥਾ ਕੈ ਬਿਲਲਾਤ ਹੈ ।

ਜਿਸ ਤਰ੍ਹਾਂ ਪ੍ਯਾਰੇ ਪਤੀ ਦੇ ਸੰਜੋਗ ਮੇਲੇ ਦੇ ਸੁਖ ਦੀ ਕਦਰ ਇਸਤ੍ਰੀ ਨਹੀਂ ਜਾਣਿਆ ਕਰਦੀ ਭਾਵ ਮਾਲਕ ਦੇ ਸਾਮਣੇ ਗੁਮਾਨ ਕਰ ਕਰ ਦਿਖਾਇਆ ਕਰਦੀ ਹੈ, ਪਰ ਜ੍ਯੋਂ ਹੀ ਕਿ ਓਸ ਦੇ ਵਾਂਢੇ ਆਦਿ ਜਾਣ ਕਾਰਣ ਵਿਛੜ੍ਯਾ ਕਰਦੀ ਹੈ ਤਾਂ ਵਿਛੋੜੇ ਦੀ ਪੀੜਾ ਕਰ ਕੇ ਪਈ ਵਿਰਲਾਪ ਕਰਦੀ ਕੀਰਣੇ ਪਾਇਆ ਕਰਦੀ ਹੈ।

ਤੈਸੇ ਗੁਰ ਚਰਨ ਸਰਨਿ ਆਤਮਾ ਅਚੇਤ ਅੰਤਰ ਪਰਤ ਸਿਮਰਤ ਪਛੁਤਾਤ ਹੈ ।੫੦੨।

ਤਿਸੀ ਪ੍ਰਕਾਰ ਸਤਿਗੁਰਾਂ ਦੇ ਚਰਣ ਕਮਲਾਂ ਦੀ ਸ਼ਰਣ ਹੁੰਦਿਆਂ ਅਰਥਾਤ; ਸਤਿਗੁਰਾਂ ਦੀ ਸਮੀਪਤਾ ਹੁੰਦ੍ਯਾਂ ਤਾਂ ਆਤਮਾ ਮਨ ਅੰਦਰੋਂ ਅਚੇਤ ਬੇਪ੍ਰਵਾਹ ਹੋਇਆ ਫਿਰਦਾ ਹੈ; ਪਰ ਜਿਸ ਵੇਲੇ ਓਨਾਂ ਦੇ ਰਮ ਗਿਆਂ ਅੰਤਰਾ ਵਿਥਾਂ ਆਣ ਪੈਂਦੀਆਂ ਹਨ ਤਾਂ ਉਸ ਹਜ਼ੂਰੀ ਵਾਲੇ ਸਮਿਆਂ ਨੂੰ ਯਾਦ ਕਰ ਕਰ ਕੇ ਪਏ ਪਛੋਤਾਈਦਾ ਹੈ ॥੫੦੨॥