ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 135


ਸ੍ਰੀ ਗੁਰ ਦਰਸ ਧਿਆਨ ਸ੍ਰੀ ਗੁਰ ਸਬਦ ਗਿਆਨ ਸਸਤ੍ਰ ਸਨਾਹ ਪੰਚ ਦੂਤ ਬਸਿ ਆਏ ਹੈ ।

ਸ੍ਰੀ ਗੁਰ ਦਰਸ ਧਿਆਨ ਸ੍ਰੀ ਗੁਰ ਸਬਦ ਗਿਆਨ ਸ੍ਰੀ ਸੋਭਾਯਮਾਨ ਸਤਿਗੁਰਾਂ ਦੇ ਦਰਸ਼ਨ ਦਾ ਧਿਆਨ ਅਰੁ ਸ੍ਰੀ ਸੋਭਾਯਮਾਨ ਕਲ੍ਯਾਣ ਸਰੂਪ ਸਤਿਗੁਰਾਂ ਦੇ ਸ਼ਬਦ ਉਪਦੇਸ਼ ਰੂਪ ਮੰਤ੍ਰ ਦਾ ਜੋ ਗਿਆਨ ਜਾਨ ਲੈਣਾ ਹੈ ਇਨਾਂ ਦੋਹਾਂ ਸਾਧਨਾ ਰੂਪ ਸਸਤ੍ਰ ਸਨਾਹ ਸ਼ਸਤ੍ਰ ਤੇ ਸੰਜੋਏ ਨੂੰ ਧਾਰਣ ਕਰਨ ਕਰ ਕੇ ਭਾਵ ਗਿਆਨ ਤੋਂ ਤਾਂ ਸ਼ਸਤ੍ਰ ਦਾ ਕੰਮ ਲੈ ਕੇ ਵੀਚਾਰ ਦ੍ਵਾਰੇ ਕਾਮ ਕ੍ਰੋਧ ਆਦਿ ਵੈਰੀਆਂ ਨੂੰ ਮਾਰਦਾ ਰਹੇ ਅਰੁ ਧਿਆਨ ਤੋਂ ਸੰਜੋਏ ਵੈਰੀਆਂ ਦੇ ਸ਼ਸਤ੍ਰਾਂ ਦੇ ਵਾ ਤੋਂ ਬਚੌਨ ਵਾਲੀ ਫੁਲਾਂ ਦੀ ਪੁਸ਼ਾਕ ਦਾ ਕੰਮ ਲੈਂਦਾ ਰਹੇ ਅਰਥਾਤ ਧਿਆਨ ਦੇ ਪ੍ਰਭਾਵ ਕਰ ਕੇ ਮੇਰੇ ਉਪਰਕੋਈ ਵਾਰ ਨਹੀਂ ਹੋ ਸਕਦਾ ਐਸਾ ਅੱਟਲ ਭਰੋਸਾ ਰਖੇ ਤਾਂ ਪੰਚ ਦੂਤ ਬੀਸ ਆਏ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪ ਪੰਜੇ ਦੁਸ਼ਟ ਵੈਰੀ ਵੱਸ ਆ ਜਾਂਦੇ ਹਨ, ਭਾਵ ਗੁਰ ਸਿੱਖ ਦੀ ਆਗ੍ਯਾ ਅਨੁਸਾਰ ਕੰਮ ਕਰਨ ਵਾਲੇ ਹੋ ਤੁਰਦੇ ਹਨ।

ਸ੍ਰੀ ਗੁਰ ਚਰਨ ਰੇਨ ਸ੍ਰੀ ਗੁਰ ਸਰਨਿ ਧੇਨ ਕਰਮ ਭਰਮ ਕਟਿ ਅਭੈ ਪਦ ਪਾਏ ਹੈ ।

ਸ੍ਰੀ ਗੁਰ ਚਰਨ ਰੇਨੁ ਸ੍ਰੀ ਗੁਰ ਸਰਨਿ ਧੇਨ ਸੋਭਾਯਮਾਨ ਸਤਿਗੁਰਾਂ ਦੇ ਚਰਣਾਂ ਦੀ ਰੇਨ ਧੂਲੀ ਸੇਵਨ ਕਰ ਕੇ ਦਾ ਧੂਲੀ ਹੋਏ ਰਹਿਣ ਕਰੇ ਤਥਾ ਸੋਭਾਯਮਾਨ ਸਤਿਗੁਰਾਂ ਦੀ ਸਰਣ ਆਸਰਾ ਓਟ ਧਾਰਣ ਕਰਣ ਕਰ ਕੇ ਕਰਮ ਭਰਮ ਕਟਿ ਅਮੁਕਾ ਕਰਮ ਨਾ ਕੀਤਾ ਗਿਆ ਤਾਂ ਅਮੁਕੀ ਹਾਨੀ ਹੋ ਜਾਊ ਯਾ ਫੁਲਾਨਾ ਕੰਮ ਕੀਤ੍ਯਾਂ ਫੁਲਾਨਾ ਹਰਜਾ ਹੋ ਜਾਵੇਗਾ, ਐਹੋ ਜੇਹਾ ਬਿਧੀ ਨਿਖੇਧ ਦਾ ਭਰਮ ਕੱਟਿਆ ਜਾਂਦਾ ਹੈ ਭਾਵ ਲੌਕਿਕ ਬੇਦਿਕ ਰੀਤਾਂ ਰਸਮਾਂ ਦਾ ਜੂਲਾ ਸਿਰ ਤੋਂ ਲਾਹਕੇ ਅਭੈ ਪਦ ਪਾਏ ਹੈ ਨਿਰਭੈ ਪਦਵੀ ਮੋਖਅਥਵਾ ਬੇਪ੍ਰਵਾਹੀ ਬੇਮੁਥੰਜਗੀ ਸੱਚੀ ਸੁਤੰਤ੍ਰਤਾ ਦਾ ਦਰਜਾ ਪ੍ਰਾਪਤ ਕਰ ਲੈਂਦਾ ਹੈ।

ਸ੍ਰੀ ਗੁਰ ਬਚਨ ਲੇਖ ਸ੍ਰੀ ਗੁਰ ਸੇਵਕ ਭੇਖ ਅਛਲ ਅਲੇਖ ਪ੍ਰਭੁ ਅਲਖ ਲਖਾਏ ਹੈ ।

ਅਤੇ ਇਸੇ ਪ੍ਰਕਾਰ ਸ੍ਰੀ ਗੁਰ ਬਚਨ ਲੇਖ ਸ੍ਰੀ ਗੁਰੂ ਮਹਾਰਾਜ ਦੇ ਹੀ ਇਕ ਮਾਤ੍ਰ ਬਚਨ ਨੂੰ ਲੇਖੇ ਪਾ ਕੇ ਚਿੱਤ ਉਪਰ ਹਰ ਦਮ ਲਿਖ੍ਯਾ ਰਹਿਣ ਵਾਲਾ ਯਾ ਅਵਸ਼੍ਯ ਪ੍ਰਵਾਨਣ ਲੈਕ ਸਤ੍ਯ ਸਤ੍ਯ ਆਪਣੀ ਕਲ੍ਯਾਣ ਦਾ ਕਾਰਣ ਨਿਸਚੇ ਕਰ ਕੇ, ਤਥਾ ਸ੍ਰੀ ਗੁਰ ਸੇਵਕ ਭੇਖ ਸ੍ਰੀ ਗੁਰੂ ਮਹਾਰਾਜ ਦੇ ਸੇਵਕ ਵਾਲੀ ਹੀ ਬਾਹਰਲੀ ਚਾਲ ਢਾਲ ਵੀ ਪਹਿਰਾਵੇ ਆਦਿ ਦੇ ਢੰਗ ਦਾ ਸਾਂਗ ਧਾਰਣ ਕਰ ਕੇ ਗੁਰਮੁਖ ਸਤਿਸੰਗੀ ਇਉਂ ਵਰਤਦਿਆਂ ਹੋਯਾਂ ਅਛਲ ਅਲੇਖ ਪ੍ਰਭੁ ਅਲਖੁ ਲਖਾਏ ਹੈ ਮਾਯਾ ਅਵਿਦ੍ਯਾ ਕਰ ਕੇ ਨਾ ਕਿਸੇ ਪ੍ਰਕਾਰ ਛਲਿਆ ਜਾ ਸਕਨ ਵਾਲਾ, ਤਥਾ ਬੇਦ ਸ਼ਾਸਤ੍ਰਾਂ ਆਦਿ ਲੇਖਿਆਂ ਵਾਲੀਆਂ ਪ੍ਰਕਿਰਿਆ ਪ੍ਰਪਾਟੀਆਂ ਵਿਚ ਨਾ ਆ ਸਕਨ ਵਾਲਾ ਜੋ ਪ੍ਰਭੂ ਸਰਬ ਸ਼ਕਤੀਮਾਨ ਪਰਮ ਪਿਤਾ ਪਰਮਾਤਮਾ ਹੈ, ਆਪਣੇ ਨਾ ਲਖੇ ਜਾ ਸਕਨ ਹਾਰੇ ਅਲਖ ਸਰੂਪ ਨੂੰ ਓਸ ਦੇ ਤਾਂਈ ਲਖਾ ਦਿੰਦਾ ਹੈ ਅਨੁਭਵ ਕਰਾ ਦਿੰਦਾ ਹੈ ਅਪਣੇ ਵਾਸਤਵ ਸਰੂਪ ਨੂੰ।

ਗੁਰਸਿਖ ਸਾਧਸੰਗ ਗੋਸਟਿ ਪ੍ਰੇਮ ਪ੍ਰਸੰਗ ਨਿੰਮ੍ਰਤਾ ਨਿਰੰਤਰੀ ਕੈ ਸਹਜ ਸਮਾਏ ਹੈ ।੧੩੫।

ਤਾਪਰਜ ਇਹ ਕਿ ਗੁਰਸਿਖ ਸਾਧ ਸੰਗ ਗੋਸਟਿ + ਪ੍ਰੇਮ ਪ੍ਰਸੰਗ ਗੁਰੂ ਕਾ ਸਿੱਖ ਸਤਿਗੁਰਾਂ ਦੀ ਸੰਗਤਿ ਵਿਚ ਮਿਲ ਕੇ ਪ੍ਰੇਮ ਪ੍ਰਸੰਗ ਪ੍ਰੇਮ ਪੂਰਬਕ ਪ੍ਰੇਮ ਨਾਲ ਗਿਆਨ ਗੋਸ਼ਟ ਕਰਦਾ ਹੋਯਾ ਨਿੰਮ੍ਰਿਤਾ ਨਿਰੰਤਰੀ ਕੈ ਲਗਾਤਾਰ ਗਰੀਬੀ ਨੂੰ ਧਾਰਣ ਕਰਦਾ ਕਰਦਾ ਸਹਜ ਸਮਾਏ ਹੈ ਸਹਜ ਸ੍ਵਰੂਪ ਵਿਖੇ ਲੀਨ ਹੋ ਜਾਂਦਾ ਹੈ ॥੧੩੫॥


Flag Counter