ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 272


ਰਜ ਤਮ ਸਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਾਰਿ ਗੁਰ ਗਿਆਨ ਬਾਨ ਕ੍ਰਾਂਤਿ ਨਿਹਕ੍ਰਾਂਤਿ ਹੈ ।

ਗੁਰੂ ਗਿਆਨ ਰੂਪ ਬਾਣ ਦੀ ਕ੍ਰਾਂਤੀ ਤੇਜਨਾ ਦਮਕ ਅਗੇ ਭਾਵ ਇਸ ਦੇ ਧਾਰਣ ਕਰਨ ਮਾਤ੍ਰ ਤੇ ਹੀ ਤਿੰਨੋ ਗੁਣ ਅਰੁ ਕਾਮ ਕ੍ਰੋਧ ਆਦਿ ਪੰਜੇ ਦੁਸ਼ਟ ਹਾਰ ਕੇ ਨਿਹਕ੍ਰਾਂਤਿ ਨਿਸ਼ ਪ੍ਰਭਾਵ ਤੇਜ ਰਹਿਤ ਹੋ ਜਾਂਦੇ ਹਨ। ਅਥਵਾ ਤਿੰਨ ਗੁਣ ਤਥਾ ਕਮ ਕ੍ਰੋਧ ਲੋਭ ਮੋਹ ਹੰਕਾਰ ਆਪਣੀ ਬਾਣ ਵਾਦੀ ਨੂੰ ਹਾਰਿ ਤਿਆਗ ਕੇ ਗੁਰੂ ਗਿਆਨ ਦੇ ਪ੍ਰਭਾਵ ਕਰ ਕੇ ਕ੍ਰਾਂਤੀ ਤੋਂ ਨਿਹਕ੍ਰਾਂਤਿ ਤੇਜ ਹਤ ਮਾਤ ਹੋ ਮੱਧਮ ਪੈ ਜਾਂਦੇ ਹਨ।

ਕਾਮ ਨਿਹਕਾਮ ਨਿਹਕਰਮ ਕਰਮ ਗਤਿ ਆਸਾ ਕੈ ਨਿਰਾਸ ਭਏ ਭ੍ਰਾਤ ਨਿਹਭ੍ਰਾਂਤਿ ਹੈ ।

ਕਾਮਨਾ ਨਿਸ਼ਕਾਮ ਭਾਵ ਵਿਚ ਪਲਟ ਜਾਂਦੀਆਂ ਹਨ ਤੇ ਕਰਮਾਂ ਦੀ ਗਤੀ ਪ੍ਰਵਿਰਤੀ ਨਿਸ਼ ਕਰਮ ਭਾਵ ਅਕ੍ਰੈ ਭਾਵ ਕਰਮ ਰਹਿਤ ਦਸ਼ਾ ਵਿਚ ਹੋ ਜਾਯਾ ਕਰਦੀ ਹੈ ਅਰਥਾਤ ਲੋਕ ਪ੍ਰਲੋਕ ਵਿਖੇ ਸੁਖ ਮਾਨਣ ਦੇ ਵਿਚਾਰਾਂ ਅਨੁਸਾਰ ਜੋ ਲੌਕਿਕ ਬੈਦਿਕ ਕਰਮ ਕਰਨ ਲਈ ਉਤਸ਼ਾਹੀ ਹੋ ਕੇ ਜੁਟੇ ਰਹਿਣ ਦੀ ਵਾਦੀ ਸੀ ਉਹ ਨਿਵਿਰਤ ਹੋ ਜਾਂਦੀ ਹੈ। ਅਰੁ ਆਸਾਂ ਉਮੇਦਾਂ ਵੱਲੋਂ ਨਿਰਾਸ ਬੇਪਰਵਾਹ ਹੋ ਜਾਈਦਾ ਹੈ ਅਰਥਾਤ ਕਾਰਾਂ ਵਿਹਾਰਾਂ ਯਾ ਪਾਪ ਪੁੰਨ ਮਈ ਪ੍ਰਵਿਰਤੀ ਦੇ ਫਲ ਦੀ ਆਸ ਉਮੇਦ ਜੋ ਲਗੀ ਰਹਿੰਦੀ ਸੀ, ਉਹ ਹੁਣ ਉਧਰੋਂ ਸੰਕਲਪਾਂ ਦੇ ਟੁੱਟ ਜਾਣ ਕਾਰਨ ਨਿਰਾਸਤਾ ਦਾ ਰੂਪ ਧਾਰ ਲਿਆ ਕਰਦੀ ਹੈ, ਅਤੇ ਭ੍ਰਾਂਤਿ ਰੱਸੀ ਵਿਖੇ ਹਨੇਰੇ ਸਮੇਂ ਸਰਪ ਆਦਿ, ਤਥਾ ਸਿੱਪੀ ਯਾ ਅਭਰਕ ਦੇ ਪਤ੍ਰੇ ਦੀ ਧੁੱਪ ਸਮੇਂ ਚਾਂਦੀ ਹੋ ਭਾਸਨ ਸਮਾਨ ਜੋ ਦੇਹ ਦਾ ਆਤਮਾ ਰੂਪ ਹੋ ਭਾਸਨਾ ਆਪਾ ਅਧ੍ਯਾਸ ਸੀ, ਉਹ ਨਿਹ ਭ੍ਰਾਂਤੀ ਨਿਹਭਰਮਤਾ ਦੇ ਰੂਪ ਵਿਖੇ ਹੋ ਭਾਸਦਾ ਹੈ।

ਸ੍ਵਾਦ ਨਿਹਸ੍ਵਾਦੁ ਅਰੁ ਬਾਦ ਨਿਹਬਾਦ ਭਏ ਅਸਪ੍ਰੇਹ ਨਿਸਪ੍ਰੇਹ ਗੇਹ ਦੇਹ ਪਾਂਤਿ ਹੈ ।

ਇੰਦ੍ਰੀਆਂ ਦੇ ਭੋਗਾਂ ਦਾ ਸ੍ਵਾਦ ਮਾਨਣ ਦਾ ਰਸ ਨਿਹਸ੍ਵਾਦ ਬੇ ਰਸ ਹੋ ਜਾਂਦਾ ਫਿੱਕਾ ਪੈ ਜਾਂਦਾ ਹੈ ਭਾਵ ਹੁਣ ਸ਼ਬਦ ਸਪਰਸ਼ ਰੂਪ ਰਸ ਗੰਧ ਪੰਜੇ ਵਿਖਯ ਆਪਣੇ ਇੰਦ੍ਰੇ ਕੰਨ ਤੁਚਾ ਨੇਤ੍ਰ ਰਸਨਾ ਤਥਾ ਨਾਸਿਕਾ ਨੂੰ ਖਿੱਚ ਨਹੀਂ ਪਾ ਸੱਕਦੇ, ਅਤੇ ਝਗੜੇ ਝੰਝਟ ਭੀ ਨਿਹਬਾਦ ਅਝਗੜਾ ਰੂਪ ਹੋ ਜਾਂਦੇ ਭਾਵ ਲੈਣ ਦੇਣ ਆਦਿ ਸਮੇਂ ਜੇ ਝਗੜੇ ਆਦਿ ਦਾ ਔਸਰ ਆਣ ਵਰਤੇ ਤਾਂ ਬਖੇੜਿਆਂ ਤੋਂ ਦੂਰ ਰਹੀਦਾ ਹੈ। ਅਸੰਪ੍ਰੇਹ ਸਪ੍ਰਿਹਾ ਇੱਛਾ ਅਭਿਲਾਖਾ ਵੱਲੋਂ ਨਿਸਪ੍ਰੇਹ ਅਚਾਹ ਨਿਰਇਛਿਤ ਹੋ ਜਾਯਾ ਕਰੀਦਾ ਹੈ, ਕ੍ਯੋਂਕਿ ਦੇਹ ਅਰੁ ਗੇਹ ਘਰ ਆਦਿ ਪਦਾਰਥ ਸਮੂਹ ਪਾਂਤਿ ਪਾਤਿ ਗਿਰ ਨਾਸ਼ ਹੋ ਜਾਣ ਵਾਲੇ ਭਾਸ ਆਯਾ ਕਰਦੇ ਹਨ।

ਗੁਰਮੁਖਿ ਪ੍ਰੇਮ ਰਸ ਬਿਸਮ ਬਿਦੇਹ ਸਿਖ ਮਾਇਆ ਮੈ ਉਦਾਸ ਬਾਸ ਏਕਾਕੀ ਇਕਾਂਤਿ ਹੈ ।੨੭੨।

ਤਾਤਪ੍ਰਯ ਕੀਹ ਕਿ ਗੁਰਮੁਖੀ ਸਿਖ੍ਯਾਦੇ ਪ੍ਰਭਾਵ ਕਰ ਕੇ ਗੁਰਮੁਖ ਸਿੱਖ ਪ੍ਰੇਮ ਰਸ ਨੂੰ ਪ੍ਰਾਪਤ ਹੋ ਕੇ ਬਿਸਮ ਬਿਸਮਾਦ ਭਾਵ ਨੂੰ ਪ੍ਰਾਪਤ ਹੋ ਜਾਂਦਾ ਹੈ, ਅਤੇ ਇਸੇ ਹੀ ਬਿਸਮਾਦਤਾ ਕਾਰਣ ਦੇਹ ਦੀ ਸੁਰਤ ਵਿਸਾਰ ਕੇ ਮਾਨੋਂ ਵਿਦੇਹ ਹੋਯਾ ਹੋਯਾ ਮਾਇਆ ਕਾਰ ਵਿਹਾਰ ਮਈ ਪ੍ਰਵਿਰਤੀ ਵਿਖੇ ਵਰਤਦਾ ਹੋਯਾ ਭੀ ਉਦਾਸ ਉਪ੍ਰਾਮ ਰਹਿੰਦਾ ਹੈ ਅਤੇ ਇੱਕੋ ਤੇ ਹੀ ਅੰਤ ਹੋਯਾ ਹੋਯਾ ਹੈ ਜਿੱਥੇ ਐਸੇ ਅਦੁਤੀ ਪਦ ਇਕ ਅਕਾਲ ਵਿਖੇ ਇਕੱਲਾ ਇਕ ਸਰੂਪ ਅਭੇਦ ਹੋਯਾ ਰਹਿੰਦਾ ਹੈ। ਅਥਵਾ ਇਕਾਂਤ ਨਿਰਜਨ ਸਥਾਨ ਵਿਖੇ ਏਕਾਕੀ ਇਕੱਲਾ ਮਾਤ੍ਰ ਅਸੰਗ ਹੀ ਰਹਿਣਾ ਪਸਿੰਦ ਕਰਿਆ ਕਰਦਾ ਹੈ ॥੨੭੨॥


Flag Counter