ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 213


ਪ੍ਰੀਤਮ ਕੀ ਪੁਤਰੀ ਮੈ ਤਨਕ ਤਾਰਕਾ ਸਿਆਮ ਤਾ ਕੋ ਪ੍ਰਤਿਬਿੰਬੁ ਤਿਲੁ ਤਿਲਕੁ ਤ੍ਰਿਲੋਕ ਕੋ ।

ਪਿਆਰੇ ਸਤਿਗੁਰਾਂ ਦੇ ਨੇਤ੍ਰ ਦੀ ਪੁਤਲੀ ਧੀਰੀ ਵਿਖੇ ਜੋ ਸ੍ਯਾਮ ਸ੍ਯਾਮ ਕਾਲੀ ਕਾਲੀ ਭਾ ਮਾਰਦੀ ਹੋਈ, ਤਨਿਕ ਸੂਖਮ ਜੈਸੀ ਤਾਰੀ ਦਮਕ ਰਹੀ ਹੈ ਓਸੇ ਦਿਬ੍ਯ ਸਤਾਰੇ ਦਾ ਹੀ ਪ੍ਰਛਾਵਾਂ ਤਿੰਨਾਂ ਲੋਕਾਂ ਦਾ ਤਿਲਕ ਟਿੱਕਾ ਰੂਪ ਤਿਲ ਹੈ। ਭਾਵ ਤ੍ਰਿਲੋਕੀ ਅੰਦਰ ਹੀ ਸਮੂਹ ਲਖਤਾ ਦਾ ਪਰਮ ਕਾਰਣ ਰੂਪ। ਅਥਵਾ ਜਾਗ੍ਰਤ ਸੁਪਨ ਸੁਖੋਪਤੀ ਰੂਪ ਤਿੰਨਾਂ ਅਵਸਥਾਵਾਂ ਦਾ ਲੋਕ ਪ੍ਰਕਾਸ਼ ਹੁੰਦਾ ਹੈ, ਜਿਸ ਦ੍ਵਾਰਿਓਂ ਉਹ ਤਿਲ ਕੇਵਲ ਸਤਿਗੁਰਾਂ ਦੀ ਦ੍ਰਿਸ਼ਟੀ ਧਾਰਾ ਦੇ ਪ੍ਰਵਾਹਿਤ ਹੋਣ ਦੇ ਮੂਲ ਸਥਾਨ ਦਾ ਪ੍ਰਛਾਵਾਂ ਮਾਤ੍ਰ ਹੈ।

ਬਨਿਤਾ ਬਦਨ ਪਰਿ ਪ੍ਰਗਟ ਬਨਾਇ ਰਾਖਿਓ ਕਾਮਦੇਵ ਕੋਟਿ ਲੋਟ ਪੋਟ ਅਵਿਲੋਕ ਕੋ ।

ਬਨਿਤਾ ਇਸਤ੍ਰੀ ਜੀਕੂੰ ਬਦਨ ਪਰਿ ਅਪਣੇ ਚਿਹਰੇ ਮਸਤਕ ਉਪਰ ਭਰਤਾ ਦੀ ਤਾਂਘ ਵਿਚ ਬਿੰਦਲੀ ਬਣਾ ਰਖਿਆ ਕਰਦੀ ਹੈ, ਤੀਕੂੰ ਹੀ ਮੈਂ ਗੁਰ ਸਿੱਖ ਨੇ ਪ੍ਰਗਟ ਪ੍ਰਤੱਖ ਹੀ ਬਣਾ ਸੁਆਰ ਰਖਿਆ ਹੈ ਓਸ ਤਿਲ ਨੂੰ ਸਤਿਗੁਰਾਂ ਦੇ ਵਾਸਤ੍ਵੀ ਦਰਸ਼ਨ ਦੀ ਤਾਂਘ ਦਾ ਅਸਥਾਨ ਜਿਸ ਤਿਲ ਦੇ ਅਵਿਲੋਕ ਕੋ ਤੱਕਨ ਖਾਤਰ ਕ੍ਰੋੜਾਂ ਹੀ ਪਰਮ ਸੁੰਦਰ ਕਾਮ ਦੇਵ ਲੋਟਨ ਪੋਟਨ ਹੋ ਰਹੇ ਹਨ।

ਕੋਟਨਿ ਕੋਟਾਨਿ ਰੂਪ ਕੀ ਅਨੂਪ ਰੂਪ ਛਬਿ ਸਕਲ ਸਿੰਗਾਰੁ ਕੋ ਸਿੰਗਾਰੁ ਸ੍ਰਬ ਥੋਕ ਕੋ ।

ਰੂਪ ਕ੍ਰੋੜਾਂ ਕੋਟੀਆਂ ਹੋ ਆਵੇ ਤਾਂ ਭੀ ਓਸ ਦੀ ਛਬਿ ਸੁੰਦਰਤਾ ਨਹੀਂ ਪਾ ਸਕਦਾ ਓਸ ਤਿਲ ਦੀ ਉਪਮਾ ਨੂੰ ਤੇ ਉਹ ਸਮੂਹ ਸਿੰਗਾਰ ਭੂਖਣਾ ਦਾ ਸਿੰਗਾਰ ਸਜਾਵਨ ਹਾਰਾ ਤਥਾ ਸਰਬਤ੍ਰ ਥੋਕ ਪਦਾਰਥਾਂ ਦਾ ਸਿੰਗਾਰ ਭੂਖਣ ਸਿਰੋਮਣੀ ਵਾ ਸਿਰਜਨ ਹਾਰਾ ਹੈ।

ਕਿੰਚਤ ਕਟਾਛ ਕ੍ਰਿਪਾ ਤਿਲ ਕੀ ਅਤੁਲ ਸੋਭਾ ਸੁਰਸਤੀ ਕੋਟ ਮਾਨ ਭੰਗ ਧਿਆਨ ਕੋਕ ਕੋ ।੨੧੩।

ਇਸ ਤਿਲ ਦੀ ਸ਼ੋਭਾ ਅਤੁਲ ਤੁਲਨਾ ਤੋਂ ਰਹਿਤ ਹੈ, ਜਿਸ ਦੇ ਕਿੰਚਿਤ ਪਰ ਕ੍ਰਿਪਾ ਕਟਾਖ੍ਯ ਨੂੰ ਪ੍ਰਾਪਤ ਹੋਣ ਵਾਲੇ ਗੁਰਮੁਖ ਦੇ ਸਨਮੁਖ ਕ੍ਰੋੜਾਂ ਹੀ ਸ੍ਰਸ੍ਵਤੀ ਦੇਵੀਆਂ ਬਾਗੀਸ਼੍ਵਰੀਆਂ ਦਾ ਮਾਨ ਮਰਦਨ ਹੋ ਜਾਂਦਾ ਹੈ ਤੇ ਕ੍ਰੋੜਾਂ ਹੀ ਕੋਕ ਚਕਵਿਆਂ ਦਾ ਪਿਆਰਿਆਂ ਦੀ ਯਾਦ ਵਿਚ ਰਾਤਾਂ ਗੁਜਾਰਨ ਦਾ ਧਿਆਨ ਮਾਤ ਪੈ ਜਾਂਦਾ ਹੈ ਭਾਵ ਭੋਰਾ ਭਰ ਭੀ ਇਸਤਿਲ ਉਪਰ ਦ੍ਰਿਸ਼ਟੀ ਦੇ ਟਿਕ ਜਾਣ ਕਰ ਕੇ ਆਪ ਦੇ ਆਪ ਸਭ ਵਿਦ੍ਯਾਵਾਂ ਦਾ ਬਲ ਪ੍ਰਗਟ ਹੋ ਔਂਦਾ ਹੈ, ਤੇ ਧਿਆਨ ਐਸਾ ਗੱਡ ਜਾਂਦਾ ਹੈ ਕਿ ਪਰਮਾਦ ਰੂਪ ਨਿੰਦ੍ਰਾ ਵਿਚਲਿਤ ਹੀ ਨਹੀਂ ਕਰ ਸਕ੍ਯਾ ਕਰਦੀ ॥੨੧੩॥ ੨੦੪ ਅੰਕ ਵਾਲਾ ਕਬਿੱਤ ਭੀ ਦੇਖੋ।