ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 299


ਦਾਦਰ ਸਰੋਜ ਬਾਸ ਬਾਵਨ ਮਰਾਲ ਬਗ ਪਾਰਸ ਬਖਾਨ ਬਿਖੁ ਅੰਮ੍ਰਿਤ ਸੰਜੋਗ ਹੈ ।

ਡੱਡੂ ਤੇ ਕੌਲ ਫੁੱਲ ਸ੍ਰੋਵਰ ਵਿਚ ਇਕੱਠੇ ਰਹਿੰਦੇ ਹਨ, ਵਾਂਸ ਤੇ ਬਾਵਨ ਚੰਨਣ ਇਕੋ ਬਨ ਦੇ ਵਸਨੀਕ ਓਕੂੰ ਹੀ ਅਤ੍ਯੰਤ ਸਮੀਪੀ, ਤੇ ਮਰਾਲ ਹੰਸ ਅਰੁ ਬਗਲਾ ਸਮੁੰਦਰ ਬਾਸੀ ਅਤੇ ਪਾਰਸ ਅਰੁ ਪੱਥਰ ਇਕੋ ਹੀ ਪਰਬਤੀ ਖਾਣ ਵਿਚ ਰਹਿਣ ਹਾਰੇ ਤਥਾ ਅੰਮ੍ਰਿਤ ਤੇ ਵਿਖ ਭੀ ਇਕੋ ਥਾਓ ਰਤਨ ਰੂਪ ਹੋ ਪ੍ਰਗਟਨ ਹਾਰੇ ਐਸਾ ਏਨਾਂ ਦਾ ਸੰਜਗ ਮੇਲਾ ਹੈ ਪਰ ਭੈੜੇ ਭੈੜਤਾਈਆਂ ਕਾਰਣ ਉਤਮਾਂ ਦੇ ਗੁਣਾਂ ਤੋਂ ਲਾਭ ਨਹੀਂ ਉਠਾ ਸਕਦੇ।

ਮ੍ਰਿਗ ਮ੍ਰਿਗਮਦ ਅਹਿ ਮਨਿ ਮਧੁ ਮਾਖੀ ਸਾਖੀ ਬਾਝ ਬਧੂ ਨਾਹ ਨੇਹ ਨਿਹਫਲ ਭੋਗ ਹੈ ।

ਇਹ ਤਾਂ ਰਹੀ ਨਾ ਇਕ ਦੂਏ ਦੇ ਸੁਭਾਵ ਦੀ ਅਨਜੋੜਤਾ ਕਾਰਣ ਲਾਭ ਨਾ ਪੁਜ ਸਕਨਾ ਪਰ ਸ਼ੋਕ ਕਿ ਐਸੇ ਭੀ ਜੀਵ ਹਨ, ਜੋ ਨਿੱਤ ਪ੍ਰਾਪਤ ਵਸਤੂ ਤੋਂ ਭੀ ਅਪਣੀ ਅਸਾਧਤਾਈ ਕਰ ਕੇ ਲਾਭ ਨਹੀਂ ਉਠਾਂਦੇ ਸਗੋਂ ਹਰਜਾ ਪਾਂਦੇ ਹਨ ਜਿਹਾ ਕਿ, ਹਿਰਣ ਕਸਤੂਰੀ ਤੋਂ ਲਾਭ ਨਹੀਂ ਉਠਾਂਦਾ, ਸਗੋਂ ਮੁਰਦਿਆਂ ਨੂੰ ਜਿਵਾਨਹਾਰੀ ਤੋਂ ਉਲਟੀ ਜਾਨ ਗੁਵਾਂਦਾ ਹੈ। ਸੱਪ, ਮਣੀ ਦੇ ਪਾਸ ਹੁੰਦਿਆਂ ਭੀ ਜੀਵਾਂ ਦਾ ਸ਼ਿਕਾਰ ਰੂਪ ਅਪਕਾਰ ਹੀ ਸਾਧਦਾ ਹੈ, ਪਰੰਤੂ ਦ੍ਰਿਦਰ ਗੁਵਾਨਹਾਰੇ ਇਸ ਮਣਕੇ ਪਿਛੇ ਸ੍ਵ੍ਯੰ ਮੌਤ ਦਾ ਇਕ ਦਿਨ ਸ਼ਿਕਾਰ ਹੋ ਜਾਂਦਾ ਹੈ। ਸ਼ਹਿਦ ਰੂਪ ਅੰਮ੍ਰਿਤ ਨੂੰ ਮੱਖੀ ਮਾਣਦੀ ਨਹੀਂ; ਕਿੰਤੂ ਅਪਣੀ ਜਾਨ ਨੂੰ ਖਤਰੇ ਵਿਚ ਪਾਂਦੀ ਹੈ, ਐਸੇ ਹੀ ਬੰਧ੍ਯਾ ਇਸਤ੍ਰੀ ਪਤੀ ਦੇ ਪਿਆਰ ਤੋਂ ਬੰਚਿਤ ਕਰਣ ਹਾਰੇ ਨਿਸਫਲ ਭੋਗ ਨੂੰ ਭੋਗਦੀ ਹੋਈ ਓੜਕ ਨੂੰ ਸੋਕੇ ਦੇ ਕਲੇਸ਼ ਨਾਲ ਮਰਦੀ ਹੈ।

ਦਿਨਕਰ ਜੋਤਿ ਉਲੂ ਬਰਖੈ ਸਮੈ ਜਵਾਸੋ ਅਸਨ ਬਸਨ ਜੈਸੇ ਬ੍ਰਿਥਾਵੰਤ ਰੋਗ ਹੈ ।

ਐਸਾ ਹੀ ਜਿਸ ਪ੍ਰਕਾਰ ਸੂਰਯ ਸਭ ਲਈ ਚਾਨਣੇ ਦਾ ਨਿਮਿੱਤ ਹੈ, ਪ੍ਰੰਤੂ ਉੱਲੂ ਵਾਸਤੇ ਘੋਰ ਅੰਧਕਾਰ ਸਰੂਪ, ਅਰੁ ਬਰਖਾ ਸਮਾਂ ਜੀਵ ਬਨਸਪਤੀ ਮਾਤ੍ਰ ਦੇ ਪ੍ਰਫੁਲਿਤ ਕਰਣ ਹਾਰ ਹੈ, ਪ੍ਰੰਤੂ ਇਕ ਜਵਾਂਹੇ ਦੀ ਬਰੂਟੀ ਲਈ ਸੰਤਾਪ ਦਾ ਕਾਰਣ ਅਤੇ ਜਿਸ ਤਰ੍ਹਾਂ ਅਸਨ ਬਸਨ ਭੋਜਨ ਬਸਤ੍ਰ ਆਦਿ ਵਿਭੂਤੀ ਸਭ ਦੇ ਵਾਸਤੇ ਸੁਖ ਰੂਪ ਹੈ, ਪਰ ਬ੍ਰਿਥਾਵੰਤ ਰੋਗੀ ਪੁਰਖ ਦੀ ਖਾਤਰ ਰੋਗ ਰੂਪ ਰੁਵਾਨ ਹਾਰਾ ਝੋਰੇ ਦਾ ਕਾਰਣ ਹੈ।

ਤੈਸੇ ਗੁਰਮਤਿ ਬੀਜ ਜਮਤ ਨ ਕਾਲਰ ਮੈ ਅੰਕੁਰ ਉਦੋਤ ਹੋਤ ਨਾਹਿਨ ਬਿਓਗ ਹੈ ।੨੯੯।

ਤਿਸੇ ਪ੍ਰਕਾਰ ਗੁਰਮਤ ਦਾ ਬੀਜ ਕਲਰੀ ਹਿਰਦੇ ਵਿਚ ਅਸਾਧ ਦੇ ਅੰਦਰ ਨਹੀਂ ਜੰਮਦਾ ਭਾਵ ਜਿਸ ਹਿਰਦੇ ਅੰਦਰ ਸੰਕਲਪਾਂ ਇਕਲਪਾਂ = ਸੰਸ੍ਯਾਂ ਭੇ ਸੰਸਾਕਾਰਾਂ ਵਾ ਵਾਸ਼ਨਾਵਾਂ ਦਾ ਸ਼ੋਰ ਹੋਵੇ, ਉਥੇ ਗੁਰਮਤ ਦੇ ਸੰਸਕਾਰ ਜਗਾਏ ਨਹੀਂ ਜਾਗਦੇ। ਇਥੋਂ ਤਕ ਕਿ ਅੰਗੁਰੀ ਤਕ ਭੀ ਨਹੀਂ ਪ੍ਰਗਟ ਹੁੰਦੀ ਤੇ ਇਉਂ ਓਸ ਦਾ ਸਦਾ ਵਿਜੋਗ ਰਹਿੰਦਾ ਹੈ। ਅਥਵਾ ਅੰਕੁਰ ਉਦੋਤਕਦਾਚਿਤ ਅੰਗੂਰੀ ਬੀ ਦੀ ਪ੍ਰਗਟ ਹੋ ਭੀ ਪਵ, ਤਾਂ ਹੋਤ ਨਾਹਿਨ ਸਫਲੀ ਕਦਾਚਿਤ ਨਹੀਂ ਹੰਦੀ ਸਿਰੇ ਨਹੀਂ ਚੜ੍ਹਦੀ ਅਧ ਵਿਚਾਲੇ ਹੀ ਸੜ ਜਾਂਦੀ ਹੈ, ਸੜਦੀ ਭੀ ਐਸੀ ਹੈ ਕਿ ਖੁਰਾ ਖੋਜ ਹੀ ਕਿਤੇ ਓਸ ਦਾ ਨਹੀਂ ਲਭਿਆ ਕਰਦਾ ਮਾਨੋ ਬੀ ਦਾ ਧਰਤੀ ਨਾਲੋਂ ਸਦਾ ਵਿਜੋਗ ਹੀ ਸੀ, ਜਿਹਾ ਕਿ ਉਹ ਬੀਜਿਆ ਹੀ ਨਹੀਂ ਸੀ ਗਿਆ। ਸੋ ਅਸਾਧ ਦਾ ਭੀ ਮਾਨੋ ਏਹੋ ਹੀ ਹਾਲ ਰਹਿੰਦਾ ਹੈ ਕਿ ਕਾਦਚਿ ਗੁਰਮਤ ਮਾਰਗੀ ਹੋ ਭੀ ਜਾਵੇ ਤਾਂ ਅਧਵਾਟਿਓਂ ਹੀ ਜਾਂਦਾ ਹੈ, ਤੇ ਐਸਾ ਕਿ ਕਦੀ ਗੁਰਮਤ ਸੰਜੋਗੀ ਬਣਿਆ ਨਹੀਂ ਸੀ ਇਉਂ ਸਦਾ ਹੀ ਅਸਾਧ ਵਿਛੜਿਆ ਰਹਿੰਦਾ ਹੈ ॥੨੯੯॥


Flag Counter