ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 393


ਕਰਤ ਨ ਇਛਾ ਕਛੁ ਮਿਤ੍ਰ ਸਤ੍ਰਤ ਨ ਜਾਨੈ ਬਾਲ ਬੁਧਿ ਸੁਧਿ ਨਾਹਿ ਬਾਲਕ ਅਚੇਤ ਕਉ ।

ਨਾ ਤਾਂ ਉਹ ਬਾਲਕ ਕੋਈ ਇੱਛਾ ਚਾਹਨਾ ਹੀ ਕਿਸੇ ਵਸਤੂ ਦੀ ਕਰਦਾ ਹੈ ਤੇ ਨਾ ਹੀ ਉਹ ਮਿਤ੍ਰਤਾ ਵਾ ਸਤ੍ਰੁਤਾ ਬਾਬਤ ਹੀ ਕੁਛ ਜਾਣਦਾ ਬੁੱਝਦਾ ਹੈ ਓਸ ਅਚੇਤ ਚਿੰਤਾ ਸੋਚੋਂ ਰਹਤ ਬਾਲਕ ਨੂੰ ਬਾਲਬੁਧੀ ਕਾਰਣ ਕੁਛ ਭੀ ਸੂਝ ਨਹੀਂ ਹੁੰਦੀ।

ਅਸਨ ਬਸਨ ਲੀਏ ਮਾਤਾ ਪਾਛੈ ਲਾਗੀ ਡੋਲੈ ਬੋਲੈ ਮੁਖ ਅੰਮ੍ਰਿਤ ਬਚਨ ਸੁਤ ਹੇਤ ਕਉ ।

ਆਪਣੇ ਵੱਲੋਂ ਐਡਾ ਹੀ ਨਿਸਚਿੰਤ ਤੇ ਬੇਫਿਕਰ ਰਹਿਣ ਕਾਰਣ ਮਾਂ ਭੋਜਨ ਬਸਤ੍ਰ ਲਈ ਓਸ ਦੇ ਪਿਛੇ ਲਗੀ ਫਿਰ੍ਯਾ ਕਰਦੀ ਹੈ, ਤੇ ਪੁਤ੍ਰ ਦੇ ਹੇਤ ਕਉ ਲਡਾਵਨੇ ਵਾਸਤੇ ਮੂੰਹੋਂ ਮਿੱਠੇ ਮਿੱਠੇ ਬੋਲ ਲੋਰੀਆਂ ਬੋਲ੍ਯਾ ਸੁਣਾਯਾ ਕਰਦੀ ਹੈ।

ਬਾਲਕੈ ਅਸੀਸ ਦੈਨਹਾਰੀ ਅਤਿ ਪਿਆਰੀ ਲਾਗੈ ਗਾਰਿ ਦੈਨਹਾਰੀ ਬਲਿਹਾਰੀ ਡਾਰੀ ਸੇਤ ਕਉ ।

ਉਸ ਬਾਲਕ ਨੂੰ ਅਸੀਸ ਦੇਣ ਵਾਲੀ ਸ਼ੁਭ ਬੋਲਣ ਵਾਲੀ ਤਾਂ ਮਾਂ ਨੂੰ ਅਤ੍ਯੰਤ ਪਿਆਰੀ ਲਗਦੀ ਹੈ ਪਰ ਗਾਰਿ ਦੈਨਹਾਰੀ ਗਾਲ ਦੇਣ ਵਾਲੀ ਝਿੜਕਨ ਵਾਲੀ ਬਲਿਹਾਰੀ ਵਾਰ ਸਿੱਟੀ ਨੂੰ ਡਾਰੀ ਸੇ ਨਾਰੀ ਛੰਡਾਰ = ਛੰਡੀ ਹੋਈ ਤੀਵੀਂ ਸ੍ਰੀਖੀ ਤਕਉ = ਤਕ+ਉ ਤੱਕਦੀ ਹੈ ਉਹ ਮਾਤਾ।

ਤੈਸੇ ਗੁਰਸਿਖ ਸਮਦਰਸੀ ਅਨੰਦਮਈ ਜੈਸੋ ਜਗੁ ਮਾਨੈ ਤੈਸੋ ਲਾਗੈ ਫਲੁ ਖੇਤ ਕਉ ।੩੯੩।

ਤਿਸੀ ਪ੍ਰਕਾਰ ਹੀ ਗੁਰ ਸਿੱਖ ਤਾਂ ਇਕ ਸਮਾਨ ਦ੍ਰਿਸ਼ਟੀ ਵਾਲੇ ਸਭ ਅੰਦਰ ਗੁਰੂ ਕੇ ਪ੍ਰਕਾਸ਼ ਨੂੰ ਤੱਕਨ ਹਾਰੇ ਅਤੇ ਆਨੰਦ ਸਰੂਪ ਹੁੰਦੇ ਹਨ, ਪਰ ਜੀਕੁਰ ਲੋਕ ਓਨਾਂ ਨਾਲ ਵਰਤਦੇ ਹਨ, ਤੀਕੁਰ ਸਤਿਗੁਰੂ ਲੋਕਾਂ ਨੂੰ ਓਨਾਂ ਦੀਆਂ ਬੀਜੀਆਂ ਖੇਤੀਆਂ ਭੌਣੀਆਂ ਦਾ ਹੀ ਫਲ ਚਖਾ ਦਿੰਦੇ ਹਨ ॥੩੯੩॥