ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 167


ਜੈਸੇ ਘਰ ਲਾਗੈ ਆਗਿ ਭਾਗਿ ਨਿਕਸਤ ਖਾਨ ਪ੍ਰੀਤਮ ਪਰੋਸੀ ਧਾਇ ਜਰਤ ਬੁਝਾਵਈ ।

ਜਿਸ ਤਰ੍ਹਾਂ ਘਰ ਨੂੰ ਅੱਗ ਲਗਿਆਂ ਖਾਨ ਘਰ ਦਾ ਮਾਲਕ ਭੱਜ ਨਿਕਲਦਾ ਹੈ, ਤਾਂ ਪ੍ਰੀਤਮ ਪ੍ਯਾਰੇ ਪਰੋਸੀ ਆਂਢ ਗੁਵਾਂਢੀ ਦੌੜ ਦੌੜ ਕੇ ਵਾਹੋ ਦਾਈ ਬਲਦੀ ਹੋਈ ਅੱਗ ਨੂੰ ਬੁਝਾ ਦਿੰਦੇ ਹਨ।

ਗੋਧਨ ਹਰਤ ਜੈਸੇ ਕਰਤ ਪੂਕਾਰ ਗੋਪ ਗਾਉ ਮੈ ਗੁਹਾਰ ਲਾਗਿ ਤੁਰਤ ਛਡਾਵਈ ।

ਜਿਸ ਤਰ੍ਹਾਂ ਗੋਧਨ ਗੋ ਸਮੂਹ ਗਊਆਂ ਦਾ ਸਮੁਦਾਯ ਵੱਗ ਕੋਈ ਹਰ ਲਜਾਵੇ ਹੱਕ ਲਜਾਵੇ ਤਾਂ ਪਿੰਡ ਅੰਦਰ ਗੁਹਾਰ ਵਾਹਰ ਮਦਦ ਲਈ ਹੁੱਲੜ ਦੁਹਾਈ ਮੱਚ ਪਿਆ ਕਰਦੀ ਹੈ ਜਿਸ ਕਰ ਕੇ ਗੋਪ ਗੁੱਜਰਾਂ ਉਪਰ ਉਪਕਾਰ ਕਰਨ ਖਾਤਰ ਸਭੇ ਹੀ ਪਿੱਛੇ ਲੱਗ ਟੁਰਦੇ ਹਨ ਤੇ ਛੁਡਾ ਲੈਂਦੇ ਹਨ।

ਬੂਡਤ ਅਥਾਹ ਜੈਸੇ ਪ੍ਰਬਲ ਪ੍ਰਵਾਹ ਬਿਖੈ ਪੇਖਤ ਪੈਰਊਆ ਵਾਰ ਪਾਰ ਲੈ ਲਗਾਵਈ ।

ਜਿਸ ਤਰ੍ਹਾਂ ਅਸਗਾਹ ਡੂੰਘੇ ਜਲ ਦੇ ਪਰਬਲ ਵੇਗ ਵਾਲੇ ਪ੍ਰਵਾਹ ਹੜ ਵਿਖੇ ਡੁਬਦਿਆਂ ਹੋਯਾਂ ਨੂੰ ਪੈਰਊਆ ਤਾਰੂ ਦੇਖ ਕੇ 'ਵਾਰ' ਉਰਾਰਲੇ ਪਾਸਿਓਂ ਪਾਰ ਲੈ ਫੜ ਲਗੌਂਦਾ ਹੈ।

ਤੈਸੇ ਅੰਤ ਕਾਲ ਜਮ ਜਾਲ ਕਾਲ ਬਿਆਲ ਗ੍ਰਸੇ ਗੁਰਸਿਖ ਸਾਧ ਸੰਤ ਸੰਕਟ ਮਿਟਾਵਹੀ ।੧੬੭।

ਤਿਸੀ ਪ੍ਰਕਾਰ ਜਮ ਦੀ ਜਾਲੀ ਫਾਹੀ ਵਿਖੇ ਫਸਿਆਂ ਹੋਇਆਂ, ਕਾਲ ਰੂਪ ਬਿਆਲ ਸਰਪ ਦੇ ਗ੍ਰਸਿਆਂ ਡੰਗਿਆਂ ਵਾ ਮੋਹ ਮਮਤਾ ਦੀ ਗੁੰਝਲ ਵਿਚ ਨਰੜਿਆਂ ਜੀਵਾਂ ਨੂੰ ਅੰਤਕਾਲ ਓੜਕ ਸਿਰ ਮਰਣ ਲਗਿਆਂ ਭੀ ਜੇ ਉਹ ਗੁਰੂ ਕਿਆਂ ਅਗੇ ਵਾਹਰ ਪਾਣ ਗੁਰੂ ਕਿਆਂ ਦੀ ਚਰਣ ਸਰਣ ਜਿਗਿਆਸਾ ਧਾਰ ਆਵੇ ਤਾਂ ਤਦ ਭੀ ਗੁਰੂ ਕਿਆਂ ਸਿੱਖਾਂ ਦੀ ਸਾਧ ਸੰਗਤ ਅਵਸ਼੍ਯ ਓਨਾਂ ਦੇ ਸੰਕਟ ਔਕੁੜ ਯਮਰਾਜ ਦੇ ਔਸ਼ਟ ਨੂੰ ਮਿਟਾ ਦਿੱਤਾ ਕਰਦੀ ਹੈ ॥੧੬੭॥


Flag Counter