ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 104


ਲੋਚਨ ਧਿਆਨ ਸਮ ਲੋਸਟ ਕਨਿਕ ਤਾ ਕੈ ਸ੍ਰਵਨ ਉਸਤਤਿ ਨਿੰਦਾ ਸਮਸਰਿ ਜਾਨੀਐ ।

ਤਾ ਕੈ ਤਿਨਾਂ ਦੇ, ਲੋਚਨ ਨੇਤ੍ਰ ਲੋਸ਼ਟ ਲੋਹੇ ਵਾ ਮਿੱਟੀ ਦੇ ਢੇਲੇ ਤਥਾ ਕਨਿਕ ਸੋਨੇ ਨੂੰ ਸਮ ਧਿਆਨ ਇਕ ਸਮਾਨ ਹੀ ਧਿਆਨ ਨਿਗ੍ਹਾ ਵਿਚ ਲਿਆਯਾ ਕਰਦੇ ਹਨ, ਅਰੁ ਸ੍ਰਵਨ ਕੰਨ ਉਸਤਤਿ ਤੇ ਨਿੰਦਾ ਨੂੰ ਸਮਸਰ ਇਕ ਬਰਾਬਰ ਜਾਣਿਆ ਕਰਦੇ ਹਨ। ਭਾਵ ਮਿੱਟੀ ਯਾ ਲੋਹੇ ਨੂੰ ਤੱਕਕੇ ਜੀਕੂੰ ਸਾਧਾਰਣ ਤੌਰ ਤੇ ਮਨੁੱਖ ਦੇ ਨੇਤ੍ਰ ਨਹੀਂ ਖਿੱਚੀਂਦੇ, ਪਰ ਸੋਨੇ ਨੂੰ ਤੱਕਕੇ ਹਰ ਕਿਸੇ ਦੀ ਅੱਖ ਕਦਾਚਿੱਤ ਲਲਚੌਨੋਂ ਨਹੀਂ ਬਚ ਸਕ੍ਯਾ ਕਰਦੀ ਓਨਾਂ ਦੇ ਅੰਦਰ ਸੋਨੇ, ਵਰਗੇ ਵਡਮੁੱਲੇ ਪਦਾਰਥਾਂ ਨੂੰ ਭੀ ਤੱਕਕੇ ਅੱਖ ਵਿਚ ਲਾਲਚ ਨਹੀਂ ਆਯਾ ਕਰਦਾ, ਤੇ ਜੀਕੂੰ ਉਸਤਤੀ ਸੁਣ ਕੇ ਸਭ ਕੋਈ ਪ੍ਰਸੰਨ ਹੁੰਦਾ ਹੈ, ਉਹ ਆਪਣੀ ਨਿੰਦਾ ਸੁਨ ਕੇ ਭੀ ਪ੍ਰਫੁਲਿਤ ਰਹਿੰਦੇ ਹਨ।

ਨਾਸਕਾ ਸੁਗੰਧ ਬਿਰਗੰਧ ਸਮ ਤੁਲਿ ਤਾ ਕੈ ਰਿਦੈ ਮਿਤ੍ਰ ਸਤ੍ਰ ਸਮਸਰਿ ਉਨਮਾਨੀਐ ।

ਨਾਸਾਂ ਓਨਾਂ ਦੀਆਂ ਵਿਖੇ ਸੁਗੰਧ ਸੁਗੰਧੀ ਵਾਲੀ ਵਸਤੂ ਅਰੁ ਬਿਰਗੰਧ ਦੁਰਗੰਧੀ ਵਾਨ ਪਦਾਰਥ ਸਮ, ਤੁਲ ਇਕੋ ਜੇਹੇ ਹੀ ਤੁਲ੍ਯਾ ਕਰਦੇ ਭਾਸਦੇ ਹਨ, ਅਤੇ ਹਿਰਦੇ ਅੰਦਰ ਮਿਤ੍ਰ ਨੂੰ ਡਿਠਿਆਂ ਜੀਕੂੰ ਹਰਖ ਉਪਜਿਆ ਕਰਦਾ ਹੈ ਤੀਕੂੰ ਹੀ ਸ਼ੱਤ੍ਰੂ ਭੀ ਸਮਸਰ ਓਸੇ ਸਮਾਨ ਹੀ ਉਨਮਾਨੀਐ ਫੁਰਿਆ ਪ੍ਰਤੀਤ ਹੋਯਾ ਕਰਦਾ ਹੈ।

ਰਸਨ ਸੁਆਦ ਬਿਖ ਅੰਮ੍ਰਿਤੁ ਸਮਾਨਿ ਤਾ ਕੈ ਕਰ ਸਪਰਸ ਜਲ ਅਗਨਿ ਸਮਾਨੀਐ ।

ਤਾ ਕੈ ਤਿਨਾਂ ਦੀ ਰਸਨਾ ਉਪਰ ਬਿਖ ਕੌੜੇ ਅਰੁ ਅੰਮ੍ਰਿਤ ਮਿੱਠੇ ਦਾ ਸ੍ਵਾਦ ਇਕ ਸਮਾਨ ਹੀ ਉਪਜਿਆ ਕਰਦਾ ਹੈ। ਭਾਵ ਜੀਕੂੰ ਮਿੱਠੇ ਨੂੰ ਚੱਖਦੀ ਹੋਈ ਰਸਨਾ ਸਭ ਦੇ ਮੱਥੇ ਉਪਰ ਪ੍ਰਸੰਨਤਾ ਖੇੜਿਆ ਕਰਦੀ ਹੈ ਤੀਕੂੰ ਹੀ ਓਨਾਂ ਦੀ ਰਸਨਾ ਦੇ ਕੌੜੇ ਸ੍ਵਾਦ ਵਿਚ ਵਰਤਦਿਆਂ ਉਨ੍ਹਾਂ ਦੇ ਮੱਥੇ ਯਾ ਨੱਕ ਉਪਰ ਮਰੋੜ ਨਹੀਂ ਪੈਦਾ ਹੋਯਾ ਕਰਦੀ।

ਦੁਖ ਸੁਖ ਸਮਸਰਿ ਬਿਆਪੈ ਨ ਹਰਖ ਸੋਗੁ ਜੀਵਨ ਮੁਕਤਿ ਗਤਿ ਸਤਿਗੁਰ ਗਿਆਨੀਐ ।੧੦੪।

ਇਸੀ ਪ੍ਰਕਾਰ ਦੁੱਖ ਔਰ ਸੁਖ ਦੇ ਸਮੇਂ ਭੀ ਉਹ ਸਮਸਰ ਇੱਕੋ ਜੇਹੇ ਹੀ ਪ੍ਰਸੰਨ ਬਦਨ ਮੁਖ ਰਹਿੰਦੇ ਹਨ ਹਰਖ ਸੋਗ ਓਨ੍ਹਾਂ ਨੂੰ ਨਹੀਂ ਬਿਆਪ ਪੋਹ ਸਕਦਾ। ਬਸ ਆਹ ਕੁਝ ਹੈ ਜੀਵਨ ਮੁਕਤੀ ਪ੍ਰਾਪਤ ਪੁਰਖਾਂ ਦੀ ਦਸ਼ਾ, ਜਿਨ੍ਹਾਂ ਨੂੰ ਸਤਿਗੁਰਾਂ ਨੇ ਅਪਣਾ ਗਿਆਨ ਬਖਸ਼ਕੇ ਐਸਾ ਗਿਆਨ ਬਣਾ ਲਿਆ ਹੈ ॥੧੦੪॥