ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 622


ਦ੍ਰਿਗਨ ਮੈ ਦੇਖਤ ਹੌ ਦ੍ਰਿਗ ਹੂ ਜੋ ਦੇਖਯੋ ਚਾਹੈ ਪਰਮ ਅਨੂਪ ਰੂਪ ਸੁੰਦਰ ਦਿਖਾਈਐ ।

ਹੇ ਮਹਾਰਾਜ। ਨੇਤਰਾਂ ਵਿਚ ਮੈਂ ਆਪਾ ਦਾ ਸੁੰਦਰ ਰੂਪ ਇਸ ਵੇਲੇ ਦੇਖ ਰਿਹਾ ਹਾਂ ਤੁਸੀਂ ਹੁਣ ਜਾਣਦੇ ਹੋ ਕਿ ਮੇਰੇ ਨੇਤਰ ਹੋਰ ਕੀ ਕੁਛ ਦੇਖਣਾ ਚਾਹੁੰਦੇ ਹਨ? ਆਪਣਾ ਇਹ ਪਰਮ ਸੋਹਣਾ ਤੇ ਉਪਮਾ ਤੋਂ ਰਹਿਤ ਰੂਪ ਇਨ੍ਹਾਂ ਨੂੰ ਸਦਾ ਦਿਖਾਉਂਦੇ ਹੀ ਰਹੋ।

ਸ੍ਰਵਨ ਮੈ ਸੁਨਤ ਜੁ ਸ੍ਰਵਨ ਹੂੰ ਸੁਨਯੋ ਚਾਹੈ ਅਨਹਦ ਸਬਦ ਪ੍ਰਸੰਨ ਹੁਇ ਸੁਨਾਈਐ ।

ਆਪ ਦੇ ਰਸ ਭਰੇ ਸ਼ਬਦ ਨੂੰ ਮੇਰੇ ਕੰਨ ਸੁਣ ਰਹੇ ਹਨ, ਪਰ ਕੰਨ ਜੋ ਕੁਛ ਹੋਰ ਸੁਨਣਾ ਚਾਹੁੰਦੇ ਹਨ, ਉਹ ਇਹ ਹੈ ਕਿ ਇਹ ਸ਼ਬਦ ਕਦੇ ਨਾ ਮੁੱਕਣ ਵਾਲਾ ਹੋ ਕੇ ਪ੍ਰਸੰਨਤਾ ਨਾਲ ਆਪ ਸੁਣਾਉਂਦੇ ਹੀ ਰਹੇ।

ਰਸਨਾ ਮੈ ਰਟਤ ਜੁ ਰਸਨਾ ਹੂੰ ਰਸੇ ਚਾਹੈ ਪ੍ਰੇਮ ਰਸ ਅੰਮ੍ਰਿਤ ਚੁਆਇ ਕੈ ਚਖਾਈਐ ।

ਆਪ ਦੇ ਗੁਣ ਮੇਰੀ ਜੀਭ ਹੁਣ ਰਟ ਰਹੀ ਹੈ ਪਰ ਜੀਭ ਜਿਸ ਵਿਚ ਰਸੇ ਰਹਿਣਾ ਚਾਹੁੰਦੀ ਹੈ ਤੁਸੀਂ ਜਾਣਦੇ ਹੀ ਹੋ ਉਸ ਪ੍ਰੇਮ ਰਸ ਦਾ ਅੰਮ੍ਰਿਤ ਚੁਆ ਕੇ ਸਦਾ ਚਖਾਉਂਦੇ ਰਹੋ।

ਮਨ ਮਹਿ ਬਸਹੁ ਮਲਿ ਮਯਾ ਕੀਜੈ ਮਹਾਰਾਜ ਧਾਵਤ ਬਰਜ ਉਨਮਨ ਲਿਵ ਲਾਈਐ ।੬੨੨।

ਹੇ ਮਹਾਰਾਜ! ਮਿਹਰ ਕਰੋ ਮੇਰੇ ਮਨ ਨੂੰ ਮੱਲ ਕੇ ਉਸ ਵਿਚ ਵੱਸੋ, ਇਸ ਨੱਸਦੇ ਭੱਜਦੇ ਮਨ ਨੂੰ ਰੋਕ ਕੇ ਇਸ ਦੀ ਲਿਵ ਉਨਮਨ ਵਿਚ ਲਾ ਦਿਓ ॥੬੨੨॥


Flag Counter