ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 23


ਦਰਸਨ ਜੋਤਿ ਨ ਜੋਤੀ ਸਰੂਪ ਹੁਇ ਪਤੰਗ ਸਬਦ ਸੁਰਤਿ ਮ੍ਰਿਗ ਜੁਗਤਿ ਨ ਜਾਨੀ ਹੈ ।

ਪਤੰਗਾ ਜੀਕੂੰ ਆਪਣੀ ਪ੍ਰੀਤਮ ਲਾਟ ਉਪਰ ਸਦਕੇ ਹੋ ਕੇ ਜੋਤੀ ਸਰੂਪ ਹੋਇ ਲਾਟ ਦੀ ਸੂਰਤ ਨੂੰ ਹੀ ਧਾਰਣ ਕਰ ਲੈਂਦਾ ਹੈ, ਤੀਕੂੰ ਸਤਿਗੁਰਾਂ ਦੇ ਦਰਸ਼ਨ ਦੀ ਜੋਤਨਾ ਪ੍ਰਕਾਸ਼ ਉਪਰ ਇਕ ਟਕ ਮਗਨ ਹੋ ਕੇ ਕ੍ਯੋਂ ਲਿਵ ਲੀਨ ਨਹੀਂ ਹੋ ਜਾਂਦਾ? ਤੇ ਐਸਾ ਹੀ ਮਿਰਗ ਹਰਣ ਵਾਂਗੂੰ ਸ਼ਬਦ ਬੇਧੀ ਸ਼ਬਦ ਦੀ ਸ੍ਰੋਦ ਉਪਰੋਂ ਆਪਾ ਵਾਰਨ ਵਾਲੀ ਜੁਗਤਿ ਰੀਤੀ ਨੂੰ ਇਹ ਨਹੀਂ ਜਾਣਦਾ, ਜਿਸ ਕਰ ਕੇ ਕਿ ਸਤਿਗੁਰਾਂ ਦੇ ਸ਼ਬਦ ਸੁਰਤਿ ਸ਼ਬਦ = ਉਪਦੇਸ਼ ਨੂੰ ਇਕ ਸਾਰ ਸੁਣਦਾ ਸੁਣਦਾ ਆਪਿਓਂ ਪਾਰ ਹੋ ਜਾਵੇ।

ਚਰਨ ਕਮਲ ਮਕਰੰਦ ਨ ਮਧੁਪ ਗਤਿ ਬਿਰਹ ਬਿਓਗ ਹੁਇ ਨ ਮੀਨ ਮਰਿ ਜਾਨੈ ਹੈ ।

ਮਧੁਪ ਭੌਰੇ ਗਤਿ ਚਾਲ = ਵਾਂਕੂੰ ਜਿਸ ਤਰ੍ਹਾਂ ਫੇਰ ਭੌਰੇ ਦੀ ਦਸ਼ਾ ਚਾਲ ਕਮਲ ਦੀ ਮਕਰੰਦ ਧੂਲੀ ਰਸ ਦੀ ਪ੍ਰਾਪਤੀ ਵਾਸਤੇ ਯਾ ਪ੍ਰਾਪਤੀ ਹੋਣ ਸਮੇਂ ਹੋਇਆ ਕਰਦੀ ਹੈ, ਉਸੇ ਵਾਂਗੂੰ ਸਤਿਗੁਰਾਂ ਦੇ ਚਰਣ ਕਮਲਾਂ ਦੀ ਰਜ ਨੂੰ ਪ੍ਰਾਪਤ ਹੋ ਕੇ ਕਿਉਂ ਗੁਰਸਿੱਖ ਲੱਟੂ ਨਹੀਂ ਹੋ ਜਾਂਦਾ? ਅਰੁ ਬਿਛੋੜੇ ਨੂੰ ਪ੍ਰਾਪਤ ਹੋ ਕੇ ਬਿਜੋਗ ਜੁਦਾਈ ਦੇ ਕਾਰਣ ਮਛਲੀ ਦੇ ਜਲ ਤੋਂ ਅੱਡ ਹੋਣ ਸਮੇਂ ਮਰ ਜਾਣ ਵਤ ਇਹ ਕਿਉਂ ਨਹੀਂ ਮਰ ਜਾਂਦਾ?

ਏਕ ਏਕ ਟੇਕ ਨ ਟਰਤ ਹੈ ਤ੍ਰਿਗਦ ਜੋਨਿ ਚਾਤੁਰ ਚਤਰ ਗੁਨ ਹੋਇ ਨ ਹਿਰਾਨੈ ਹੈ ।

ਅਤ੍ਯੰਤ ਖੇਦ ਦੀ ਗੱਲ ਹੈ ਕਿ ਤ੍ਰਿਗਦ ਜੋਨਿ = ਤਾਮਸੀ ਜੂਨਾਂ ਵਿਖੇ ਪੈਦਾ ਹੋਏ ਉਕਤ ਜੀਵ ਇਕੋ ਇਕ ਪ੍ਰੇਮ ਦੀ ਟੇਕ ਨੂੰ ਧਾਰਣ ਕਰ ਕੇ ਓੜਕ ਦੀ ਹੱਦ ਤਕ ਨਹੀਂ ਟਲਦੇ, ਪਰ ਇਹ ਮਨੁੱਖ ਸਭ ਤਰ੍ਹਾਂ ਕਰ ਕੇ ਚਾਤੁਰ = ਚਾਲਾਕ ਚੁਸਤ ਅਰੁ ਚਤਰ ਗੁਨ ਹੋਇ ਗੁਣਾਂ ਕਰ ਕੇ ਸੰਪੰਨ ਹਰ ਤਰ੍ਹਾਂ ਨਾਲ ਨਿਪੁੰਨ ਸਿਆਣਾ ਬਿਆਣਾ ਹੁੰਦਾ ਹੋਇਆ ਭੀ ਸਤਿਗੁਰਾਂ ਦੇ ਪ੍ਰੇਮ ਤੋਂ ਅਪਣੇ ਆਪ ਨੂੰ ਨਹੀਂ ਲੁਟਾ ਦਿੰਦਾ ਵਾਰ ਸਿੱਟਦਾ।

ਪਾਹਨ ਕਠੋਰ ਸਤਿਗੁਰ ਸੁਖ ਸਾਗਰ ਮੈ ਸੁਨਿ ਮਮ ਨਾਮ ਜਮ ਨਰਕ ਲਜਾਨੈ ਹੈ ।੨੩।

ਹੋਰਨਾਂ ਦੀ ਮੈਂ ਕੀਹ ਆਖਾਂ, ਹਰ ਦਮ ਸੁਖਾਂ ਦੇ ਸਮੁੰਦਰ ਸਤਿਗੁਰਾਂ ਦੇ ਚਰਣਾਂ ਵਿਚ ਵੱਸਦਿਆਂ ਹੋਇਆਂ ਭੀ ਮੈਂ ਕਰੜਾ ਪੱਥਰ ਹੀ ਰਿਹਾ। ਕਿਸੇ ਪ੍ਰਕਾਰ ਪ੍ਰੇਮ ਕਰ ਕੇ ਨਾ ਭਿਜਿਆ। ਮੇਰਾ ਨਾਮ (ਭੱਗਲਾਂ ਵਾਲੀ ਕਰਤੂਤ ਕਰਨ ਵਾਲੇ ਬਾਬਤ) ਸੁਣ ਕੇ ਜਮ ਜਮਦੂਤਾਂ ਦਾ ਰਾਜਾ ਅਰੁ ਨਰਕ ਭੀ ਸ਼ਰਮਿੰਦੇ ਹੋ ਸੋਚ ਰਹੇ ਹਨ ਕਿ ਮੈਨੂੰ ਕਿਹੜੇ ਨਰਕ ਵਿਚ ਪਾਉਣਗੇ ॥੨੩॥