ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 287


ਕਾਮ ਕ੍ਰੋਧ ਲੋਭ ਮੋਹ ਅਹੰਮੇਵ ਕੈ ਅਸਾਧ ਸਾਧ ਸਤ ਧਰਮ ਦਇਆ ਰਥ ਸੰਤੋਖ ਕੈ ।

ਕਾਮ, ਕ੍ਰੋਧ ਲੋਭ ਮੋਹ ਤੇ ਹਉਮੈਂ ਕਰ ਕੇ ਮਨੁੱਖ ਅਸਾਧ ਭੈੜਾ ਮਨਮੁਖ ਆਖਿਆ ਜਾਂਦਾ ਹੈ। ਅਤੇ ਕੇਵਲ ਸਤ੍ਯ ਆਪਣੇ ਹੱਕ ਸਿਰ ਰਹਿਣਾ ਵਾ ਪ੍ਰਤਿਗ੍ਯਾ ਨਾ ਹਾਰਨੀ ਤਥਾ ਧਰਮ ਇਸ਼ਟ ਵਲੋਂ ਮੂੰਹ ਨਾ ਫੇਰਣਾਵਾ ਫਰਜ਼ ਪਛਾਨਣਾ ਅਰੁ ਐਸਾ ਹੀ ਦਇਆਰਥ ਸੰਤੋਖ = ਦਯਾ ਤੇ ਸੰਤੋਖ ਨਾਲ ਅਰਥ ਵਾਸਤਾ ਪ੍ਰਯੋਜਨ ਰਖਣਾ, ਇਸ ਤਰ੍ਹਾਂ ਦੀ ਬਿਰਤੀ ਕਰ ਕੇ ਸਾਧ ਭਲਾ ਪੁਰਖ = ਗੁਰਮੁਖ ਆਖਿਆ ਜਾਂਦਾ ਹੈ।

ਗੁਰਮਤਿ ਸਾਧਸੰਗ ਭਾਵਨੀ ਭਗਤਿ ਭਾਇ ਦੁਰਮਤਿ ਕੈ ਅਸਾਧ ਸੰਗ ਦੁਖ ਦੋਖ ਕੈ ।

ਗੁਰਮਤਿ ਵਿਚ ਵਰਤਣ ਵਾਲਾ ਸਾਧ ਹੁੰਦਾ ਹੈ ਤੇ ਓਸ ਦੀ ਸੰਗਤਿ ਵਿਖੇ ਬੈਠਿਆਂ ਭਾਵਨੀ ਭੌਣੀ ਸ਼ਰਧਾ ਪ੍ਰਪੱਕ ਹੁੰਦੀ ਹੈ, ਅਤੇ ਭਗਤੀ ਭਾਵ ਪ੍ਰੇਮ ਭਾਵ ਉਪਜਦਾ ਹੈ, ਪਰ ਦੁਰਮਤਿ ਵਿਖੇ ਵਰਤਣ ਕਰ ਕੇ ਮਨੁਖ ਨੂੰ ਅਸਾਧ ਭੈੜਾ ਮਨਮੁਖ ਪ੍ਰਵਾਣ ਕੀਤਾ ਹੈ ਤੇ ਓਸ ਦੀ ਸਗਤ ਦੋਖ ਕੈ ਦੁਖ = ਦੋਖਾਂ ਵਿਕਾਰਾਂ ਨੂੰ ਪ੍ਰਗਟ ਕਰ ਕੇ ਦੁਖ = ਪੈਦਾ ਕਰਦੀ ਹੈ।

ਜਨਮ ਮਰਨ ਗੁਰ ਚਰਨ ਸਰਨਿ ਬਿਨੁ ਮੋਖ ਪਦ ਚਰਨ ਕਮਲ ਚਿਤ ਚੋਖ ਕੈ ।

ਸੋ ਸਤਿਗੁਰਾਂ ਦੇ ਚਰਣਾਂ ਦੀ ਸ਼ਰਣ ਬਿਨਾਂ ਅਸਾਧ ਤਾਂ ਜਨਮ ਮਰਣ ਨੂੰ ਪ੍ਰਾਪਤ ਹੁੰਦਾ ਹੈ, ਅਤੇ ਓਨਾਂ ਦੇ ਚਰਣ ਕਮਲ ਚਿਤ ਰਿਦੇ ਅੰਦਰ ਚੋਖ ਕੈ ਚੁਸ ਕੇ ਚੁੰਮ ਕੇ, ਭਾਵ ਪਿਆਰ ਸਤਿਕਾਰ ਦੇ ਸਾਧ ਮੋਖ ਪਦ ਨੂੰ ਪ੍ਰਾਪਤ ਹੁੰਦਾ ਹੈ।

ਗਿਆਨ ਅੰਸ ਹੰਸ ਗਤਿ ਗੁਰਮੁਖਿ ਬੰਸ ਬਿਖੈ ਦੁਕ੍ਰਿਤ ਸੁਕ੍ਰਿਤ ਖੀਰ ਨੀਰ ਸੋਖ ਪੋਖ ਕੈ ।੨੮੭।

ਤਾਂ ਤੇ ਪੁਰਖ, ਗੁਰਮੁਖ ਬੰਸ ਵਿਖੇ ਹੰਸ ਗਤਿ ਹੰਸਾਂ ਦੀ ਚਾਲ ਬਿਬੇਕੀ ਭਾਵ ਨੂੰ ਧਾਰਣ ਕਰ ਕੇ ਸੁਕ੍ਰਿਤ ਭਲਿਆਂ ਵਾਲੀ ਕਰਣੀ ਰੂਪ ਪੁੰਨ ਕਰਮ ਕਰ ਕੇ ਪਵਿਤ੍ਰ ਭਾਵ ਵਿਖੇ ਵਰਤਦਿਆਂ ਗਿਆਨ ਅੰਸ ਸਰੂਪੀ ਖੀਰ ਦੁਧ ਨੂੰ ਗ੍ਰਹਿਣ ਕਰ ਕੇ ਪੋਖ ਕੈ ਅਪਣੀ ਪਾਲਨਾ ਜੀਵਨ ਉੱਨਤੀ ਕਰੇ, ਅਤੇ ਦੁਕ੍ਰਿਤ ਅਸਾਧਾਂ ਭੈੜਿਆਂ ਵਾਲੀ ਦੁਖਦਾਈ ਕਰਣੀ ਪਾਪ ਮਈ ਆਚਰਣ ਰੂਪ ਨੀਰ ਪਾਣੀ ਜੋ ਅਗਿਆਨ ਦਾ ਅੰਸ ਕੂੜ ਹੈ ਓਸ ਨੂੰ ਸੁਕਾ ਸਿੱਟੇ। ਇਸ ਤੁਕ ਦੇ ਪਹਿਲੀਆਂ ਤੁਕਾਂ ਵਤ ਭੀ ਅਰਥ ਹੋ ਸਕੇਦ ਹਨ ਪਰ ਅਸਾਂ ਇਸ ਅਰਥ ਵਿਚ ਭਾਈ ਸਾਹਿਬ ਦੇ ਨਤੀਜੇ ਕਢੇ ਨੂੰ ਗੌਰਵਤਾ ਸਮਝੀ ਹੈ ॥੨੮੭॥


Flag Counter