ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 466


ਜੈਸੇ ਪਤਿਬ੍ਰਤਾ ਪਰ ਪੁਰਖੈ ਨ ਦੇਖਿਓ ਚਾਹੈ ਪੂਰਨ ਪਤਿਬ੍ਰਤਾ ਕੈ ਪਤਿ ਹੀ ਕੈ ਧਿਆਨ ਹੈ ।

ਜਿਸ ਤਰ੍ਹਾਂ ਪਤਿਬ੍ਰਤਾ ਇਸਤ੍ਰੀ ਪਰ ਦੂਏ ਪੁਰਖ ਨੂੰ ਦੇਖਣਾ ਨਹੀਂ ਚਾਹੁੰਦੀ ਅਰੁ ਓਸ ਪੂਰਨ ਪਤਿਬ੍ਰਤਾ ਨੂੰ ਇਕ ਮਾਤ੍ਰ ਅਪਣੇ ਪਤੀ ਦਾ ਹੀ ਧਿਆਨ ਖ੍ਯਾਲ ਹੁੰਦਾ ਹੈ।

ਸਰ ਸਰਿਤਾ ਸਮੁੰਦ੍ਰ ਚਾਤ੍ਰਿਕ ਨ ਚਾਹੈ ਕਾਹੂ ਆਸ ਘਨ ਬੂੰਦ ਪ੍ਰਿਅ ਪ੍ਰਿਅ ਗੁਨ ਗਿਆਨ ਹੈ ।

ਜਿਸ ਤਰ੍ਹਾਂ ਤਲਾਵਾਂ, ਨਦੀਆਂ ਤੇ ਸਮੁੰਦਰ ਵਿਚ ਅਸਗਾਹ ਜਲ ਦੇ ਹੁੰਦਿਆਂ ਭੀ ਪਪੀਹਾ ਕਿਸੇ ਦੀ ਚਾਹਨਾ ਨਹੀਂ ਕਰਦਾ ਤੇ ਬਦਲ ਦੀ ਬੂੰਦ ਦੀ ਆਸ ਉਮੇਦ ਤਾਂਘ ਵਿਚ ਪੀਉ ਪੀਉ ਗੁਣਦੇ ਰਟਦੇ ਰਹਿਣ ਦਾ ਹੀ ਇਕ ਮਾਤ੍ਰ ਗਿਆਨ ਉਸ ਨੂੰ ਹੁੰਦਾ ਹੈ।

ਦਿਨਕਰ ਓਰ ਭੋਰ ਚਾਹਤ ਨਹੀ ਚਕੋਰ ਮਨ ਬਚ ਕ੍ਰਮ ਹਿਮਕਰ ਪ੍ਰਿਅ ਪ੍ਰਾਨ ਹੈ ।

ਸੂਰਜ ਦੇ ਪਾਸੇ ਤੱਕਨਾ ਜਾਂ ਭੋਰ ਪ੍ਰਭਾਤ ਦਾ ਹੋਣਾ ਚਕੋਰ ਕਦੀ ਨਹੀਂ ਚਾਹੁੰਦਾ; ਮਨ ਬਾਣੀ ਸ਼ਰੀਰ ਕਰ ਕੇ ਓਸ ਦਾ ਪ੍ਰਾਣ ਪਿਆਰਾ ਤਾਂ ਇਕ ਹਿਮਕਰਿ ਚੰਦ੍ਰਮਾ ਹੀ ਹੁੰਦਾ ਹੈ।

ਤੈਸੇ ਗੁਰਸਿਖ ਆਨ ਦੇਵ ਸੇਵ ਰਹਤਿ ਪੈ ਸਹਜ ਸੁਭਾਵ ਨ ਅਵਗਿਆ ਅਭਮਾਨੁ ਹੈ ।੪੬੬।

ਤਿਸੀ ਪ੍ਰਕਾਰ ਹੀ ਗੁਰੂ ਕਾ ਸਿੱਖ ਹੋਰਨਾਂ ਦੇਵਤਿਆਂ ਦੀ ਸੇਵਾ ਦੀ ਚਾਹਨਾ ਤੋਂ ਤਾਂ ਰਹਿਤ ਹੁੰਦਾ ਹੈ ਪ੍ਰੰਤੂ ਐਸਾ ਓਸ ਦਾ ਸਹਜ ਸੁਭਾਵ ਹੀ ਹੈ। ਉਞ ਇਸ ਗੱਲ ਦਾ ਓਸ ਨੂੰ ਕੋਈ ਅਭਿਮਾਨ ਨਹੀਂ ਹੁੰਦਾ, ਤੇ ਨਾ ਹੀ ਉਹ ਨਿਰਾਦਰ ਹੀ ਦੂਸਰੇ ਦੇਵਤਿਆਂ ਦਾ ਕਰਦਾ ਹੈ ਭਾਵ ਜੀਕੂੰ ਸ਼ਿਵ ਵਿਸ਼ਨੂੰ ਆਦਿ ਦੇਵਤਿਆਂ ਦੇ ਸੇਵਕ ਹਮ ਵੈਸ਼ਨਵ ਹੈ ਆਦਿ ਅਭਿਮਾਨ ਅੰਦਰ ਧਾਰ ਕੇ ਆਪੋ ਵਿਚ ਇਕ ਦੂਏ ਦਾ ਨਿਰਾਦਰ ਕਰਦੇ ਦਿਖਾਈ ਦਿੰਦੇ ਹਨ; ਗੁਰੂ ਕੇ ਸਿੱਖ ਨਾ ਤਾਂ ਹਮ ਗੁਰਮੁਖ ਹੈਂ ਐਸਾ ਅਭਿਮਾਨ ਹੀ ਕਰਦੇ ਹਨ ਤੇ ਨਾ ਹੀ ਅਨਮਤੀਆਂ ਦੀਆਂ ਪੱਗਾਂ ਹੀ ਲੌਹਣ ਪਿਆ ਕਰਦੇ ਹਨ ॥੪੬੬॥


Flag Counter