ਜਿਸ ਤਰ੍ਹਾਂ ਨੇਤ੍ਰ ਪਰਾਈ ਇਸਤ੍ਰੀ ਦਾ ਦਰਸ਼ਨ ਦੇਖਣਾ ਚਾਹੁੰਦੇ ਹਨ, ਇਸੇ ਤਰ੍ਹਾਂ ਹੀ ਚਾਹਨਾ ਨਾਲ ਸਤਿਗੁਰਾਂ ਦੇ ਦਰਸ਼ਨ ਨਹੀਂ ਕਰਦੇ।
ਜਿਸ ਭਾਂਤ ਕੰਨ ਪਰਾਈ ਨਿੰਦਾ ਸੁਨਣ ਖਾਤਰ ਸਾਵਧਾਨ ਰਹਿੰਦੇ ਹਨ, ਓਸੇ ਤਰ੍ਹਾਂ ਗੁਰ ਸ਼ਬਦ ਨੂੰ ਉਤਸ਼ਾਹ ਧਾਰ ਕੇ ਨਹੀਂ ਸੁਣਦੇ।
ਜਿਸ ਤਰ੍ਹਾਂ ਪਰਾਇਆ ਦਰਬ ਪਦਾਰਥ ਹਰਨ ਵਾਸਤੇ ਪੈਰ ਦੌੜਦੇ ਕਾਹਲੇ ਹੁੰਦੇ ਹਨ, ਇਸ ਤਰ੍ਹਾਂ ਸਾਧ ਸੰਗਤਿ ਅੰਦਰ ਕੀਰਤਨ ਸੁਨਣ ਲਈ ਉਮੰਗ ਨਹੀਂ ਕਰਿਆ ਕਰਦੇ।
ਉੱਲੂ ਚੂਹੀਆਂ ਰਾਤ ਨੂੰ ਮਾਰ ਖਾਣ ਕਾਂ ਵਿਸ਼ਟਾ ਮੈਲ ਆਹਾਰ ਕਰਨ ਅਰੁ ਨਾਗ ਸੱਪ ਮਿਟੀ ਜਾਂ ਜੀਵ ਘਾਤ ਕਰ ਕੇ ਖਾਣ; ਅਥਵਾ ਪੌਣ ਦੇ ਪੀਣੇ ਵਿਚ ਹੀ ਧ੍ਯਾਨ ਰਖਦੇ ਹਨ, ਇਸ ਤੋਂ ਸਿਵਾਯ ਹੋਰ ਖਾਣਾ ਪੀਣਾ ਕੁਛ ਇਹ ਜਾਣਦੇ ਹੀ ਨਹੀਂ ਹਨ। ਇਸੇ ਤਰ੍ਹਾਂ ਨੀਚ ਪਦ ਨੀਚ ਭਾਵਾਂ ਵਿਚ ਵਰਤਣ ਵਾਲੇ ਪੁਰਖ ਊਚ ਪਦ ਪਾਵੈ ਨਹੀ ਉੱਚੇ ਮਰਾਤਬੇ ਸਤਿਸੰਗਤ ਆਦਿ ਨੂੰ ਨਹੀਂ ਪ੍ਰਾਪਤ ਹੋਣ ਦਾ ਖ੍ਯਾਲ ਪੈਦਾ ਕਰਦੇ ॥੫੦੮॥