ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 337


ਚਰਨ ਕਮਲ ਰਜ ਮਸਤਕਿ ਲੇਪਨ ਕੈ ਭਰਮ ਕਰਮ ਲੇਖ ਸਿਆਮਤਾ ਮਿਟਾਈ ਹੈ ।

ਰਜ ਮਹਾਤਮ: ਸਤਿਗੁਰਾਂ ਦੇ ਚਰਣ ਕਮਲਾਂ ਦੀ ਧੂਲ ਮੱਥੇ ਉਪਰ ਲਗਾਣ ਕਰ ਕੇ ਪੂਰਬਲੇ ਜਨਮਾਂ ਵਿਖੇ ਕੀਤੇ ਕਰਮਾਂ ਦੀ ਲਿਖਤ ਦੇ ਭਰਮ ਦੀ ਕਾਲਕ ਮਿਟ ਜਾਂਦੀ ਹੈ।

ਚਰਨ ਕਮਲ ਚਰਨਾਮ੍ਰਿਤ ਮਲੀਨ ਮਨਿ ਕਰਿ ਨਿਰਮਲ ਦੂਤ ਦੁਬਿਧਾ ਮਿਟਾਈ ਹੈ ।

ਚਰਣਾਮ੍ਰਿਤ ਪਾਨ: ਚਰਣ ਕਮਲਾਂ ਦੇ ਚਰਣਾਮ੍ਰਿਤ ਪਾਨ ਕਰਨ ਛਕਨ ਕਰ ਕੇ ਮੈਲਾ ਮਨ ਨਿਰਮਲ ਹੋ ਜਾਂਦਾ ਹੈ ਭੈੜੇ ਮਨੋਰਥ ਕਰਣੇ ਤ੍ਯਾਗ ਦਿੰਦਾ ਹੈ ਤੇ ਕਾਮ ਕ੍ਰੋਧ ਆਦਿਕ ਦੂਤ ਜੋ ਦੁਬਿਧਾ ਦੁਚਿਤਾਈ ਇਸ ਦੇ ਅੰਦਰ ਖੜੀ ਕੀਤੀ ਰਖਦੇ ਸਨ, ਉਹ ਭੀ ਮਿੱਟ ਜਾਂਦੀ ਹੈ।

ਚਰਨ ਕਮਲ ਸੁਖ ਸੰਪਟ ਸਹਜ ਘਰਿ ਨਿਹਚਲ ਮਤਿ ਏਕ ਟੇਕ ਠਹਰਾਈ ਹੈ ।

ਧ੍ਯਾਨ ਮਹਾਤਮ: ਚਰਣ ਕਮਲਾਂ ਦੇ ਧ੍ਯਾਨ ਵਿਖੇ ਸੁਰਤੀ ਨੂੰ ਟਿਕਾਂਦਿਆਂ ਸਹਜ ਘਰਿ ਚੈਤੰਨ੍ਯ ਪਦ ਆਤਮੇ ਦੇ ਸਥਾਨ ਵਿਖੇ ਸੁਰਤ ਸੁਖ ਸੰਪੁਟ ਸੁਖ ਵਿਚ ਮਗਨ ਹੋ ਜਾਯਾ ਕਰਦੀ ਹੈ, ਅਤੇ ਇਕ ਮਾਤ੍ਰ ਓਸੇ ਦੀ ਹੀ ਟੇਕ ਧਾਰ ਕੇ ਮਤਿ ਮਾਨੋ ਬਿਰਤੀ ਅਡੋਲ ਟਿਕ ਜਾਯਾ ਕਰਦੀ ਹੈ।

ਚਰਨ ਕਮਲ ਗੁਰ ਮਹਿਮਾ ਅਗਾਧਿ ਬੋਧਿ ਸਰਬ ਨਿਧਾਨ ਅਉ ਸਕਲ ਫਲਦਾਈ ਹੈ ।੩੩੭।

ਮਹਮਾ ਮਹਾਤਮ ਗੁਰੂ ਮਹਾਰਾਜ ਦੇ ਚਰਣ ਕਮਲਾਂ ਦੀ ਮਹਮਾ ਉਸਤਤੀ ਗਾਯਨ ਤੋਂ ਜੋ ਬੋਧ ਗ੍ਯਾਨ ਪ੍ਰਾਪਤ ਹੁੰਦਾ ਹੈ, ਉਹ ਗਾਹਿਆ ਨਹੀਂ ਜਾ ਸਕਦਾ ਕ੍ਯੋਂਕਿ ਉਹ ਸਮੂਹ ਨਿਧੀਆਂ ਤਥਾ ਸੰਪੂਰਣਧਰਮ ਅਰਥ ਕਾਮ ਮੋਖ ਰੂਪ ਫਲਾਂ ਦੀ ਦਾਤੀ ਹੈ ॥੩੩੭॥


Flag Counter