ਅਕਾਸ਼ ਤੋਂ ਉੱਚਿਓਂ ਗਿਰ ਕੇ ਧਰਤੀ ਉੱਤੇ ਡਿਗਦਿਆਂ ਹੋਯਾਂ, ਜੇਕਰ ਪੌਣ ਦਾ ਸਹਾਰਾ ਲਵੇ ਤਾਂ ਕਿਸ ਕੰਮ ਅਰਥ ਭਾਵ ਪੌਣ ਦੇ ਚੰਚਲ ਫ੍ਰਾਟੇ ਤੋਂ ਕਿਕੁਨ ਮਨੋਰਥ ਸਿੱਧ ਹੋ ਸਕੇ ਬਚਾਉ ਨਹੀਂ ਹੋ ਸਕੇਗਾ।
ਅੱਗ ਵਿਚ ਸੜਦਿਆਂ ਹੋਇਆਂ ਜੇਕਰ ਦੌੜ ਦੌੜ ਕੇ ਧੂੰਏ ਨੂੰ ਬਚਨ ਖਾਤਰ ਫੜਨਾ ਚਾਹੇ ਤਾਂ ਇਸ ਨਾਲ ਅੱਗ ਵਿਚੋਂ ਨਿਕਲਿਆ ਨਹੀਂ ਜਾਣਾ, ਸਗੋਂ ਇਹ ਤਾਂ ਮੂਰਖ ਬੁਧੀ ਦਾ ਉਪਰਾਜ ਉਪਜੌਣਾ ਦਿਖੌਣਾ ਹੈ, ਭਾਵ ਇਹ ਤਾਂ ਮੂਰਖਤਾ ਦਾ ਨਮੂੰਨਾ ਹੈ।
ਅਪਾਰ ਸਮੁੰਦ੍ਰ ਦੇ ਰੋੜ੍ਹ ਵਿਚ ਡੁਬਦਿਆਂ ਹੋਇਆਂ ਜੇਕਰ ਫੇਨੁ ਝੱਗ ਨੂੰ ਫੜੇ ਇਸ ਲਈ ਕਿ ਮਤਾਂ ਪਾਰ ਹੋ ਜਾਵੇ ਇਹ ਪਾਰ ਹੋਣ ਵਾਲੀ ਸਾਜਨਾ ਵ੍ਯੋਂਤ ਨਹੀਂ ਸਗੋਂ ਅਨ੍ਯਥਾ ਉਲਟੀ ਵੀਚਾਰ ਡੁੱਬਣ ਦੀ ਹੀ ਸਲਾਹ ਹੈ।
ਤਿਸੀ ਪ੍ਰਕਾਰ ਹੀ ਆਵਾ ਗੌਣ ਜਨਮ ਮਰਣ ਤੋਂ ਦੁਖੀ ਹੋਇਆਂ ਹੋਇਆਂ ਕਾਰਣ ਹੋਰ ਦੇਵਤਿਆਂ ਦਾ ਸੇਵਨ ਹੈ ਕ੍ਯੋਂਕਿ ਬਿਨਾਂ ਸਤਿਗੁਰਾਂ ਦੀ ਸ਼ਰਨ ਗ੍ਰਹਣ ਕੀਤਿਆਂ ਦੇ ਮੋਖ ਪਦਵੀ ਦਾ ਪ੍ਰਕਾਸ਼ ਜੰਮਣ ਮਰਣ ਤੋਂ ਛੁਟਕਾਰਾ ਕਦਾ ਚਿਤ ਨਹੀਂ ਹੋ ਸਕਦਾ ॥੪੭੩॥