ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 559


ਜੈਸੇ ਤੌ ਮਰਾਲ ਮਾਲ ਬੈਠਤ ਹੈ ਮਾਨਸਰ ਮੁਕਤਾ ਅਮੋਲ ਖਾਇ ਖਾਇ ਬਿਗਸਾਤ ਹੈ ।

ਜਿਵੇਂ ਹੰਸਾਂ ਦੀ ਡਾਰ ਮਾਨ ਸਰੋਵਰ ਤੇ ਬੈਠਦੀ, ਅਮੋਲਕ ਮੋਤੀਆਂ ਨੂੰ ਖਾ ਖਾ ਕੇ ਖਿੜਕੀ ਅਨੰਦ ਮਾਣਦੀ ਹੈ।

ਜੈਸੇ ਤੌ ਸੁਜਨ ਮਿਲਿ ਬੈਠਤ ਹੈ ਪਾਕਸਾਲ ਅਨਿਕ ਪ੍ਰਕਾਰ ਬਿੰਜਨਾਦਿ ਰਸ ਖਾਤ ਹੈ ।

ਜਿਵੇਂ ਸ੍ਰੇਸ਼ਟ ਜਨ ਰਸੋਈ ਵਿਚ ਮਿਲ ਕੇ ਬੈਠਦੇ ਹਨ ਤੇ ਅਨੇਕ ਪ੍ਰਕਾਰ ਦੇ ਰਸਦਾਇਕ ਭੋਜਨ ਆਦਿਕ ਖਾਂਦੇ ਹਨ।

ਜੈਸੇ ਦ੍ਰੁਮ ਛਾਯਾ ਮਿਲ ਬੈਠਤ ਅਨੇਕ ਪੰਛੀ ਖਾਇ ਫਲ ਮਧੁਰ ਬਚਨ ਕੈ ਸੁਹਾਤ ਹੈ ।

ਜਿਵੇਂ ਬ੍ਰਿਛ ਦੀ ਛਾਂ ਵਿਚ ਮਿਲੇ ਬੈਠਦੇ ਹਨ ਅਨੇਕ ਪੰਛੀ ਤੇ ਮਿੱਠੇ ਫਲ ਖਾਂਦੇ ਅਤੇ ਮਿੱਠੇ ਬਚਨ ਬੋਲਦੇ ਸੋਹਣੇ ਲਗਦੇ ਹਨ।

ਤੈਸੇ ਗੁਰਸਿਖ ਮਿਲ ਬੈਠਤ ਧਰਮਸਾਲ ਸਹਜ ਸਬਦ ਰਸ ਅੰਮ੍ਰਿਤ ਅਘਾਤ ਹੈ ।੫੫੯।

ਤਿਵੇਂ ਗੁਰੂ ਦੇ ਸਿੱਖ ਜਦ ਧਰਮਸਾਲ ਵਿਚ ਮਿਲ ਬੈਠਦੇ ਹਨ (ਤਾਂ ਸੋਹਣੇ ਲੱਗਦੇ ਤੇ ਗੁਰੂ ਬਾਣੀ ਦੇ) ਸ਼ਬਦਾਂ ਦੇ ਅੰਮ੍ਰਿਤ ਰਸ ਨਾਲ ਸਹਿਜੀ ਹੀ ਤ੍ਰਿਪਤ ਹੁੰਦੇ ਹਨ ਭਾਵ ਗਿਆਨ ਤੇ ਸ਼ਬਦ ਦੇ ਰਸ ਨਾਲ ਅੰਮ੍ਰਿਤ ਪੀ ਕੇ ਤ੍ਰਿਪਤ ਹੁੰਦੇ ਹਨ ॥੫੫੯॥


Flag Counter