ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 577


ਜੈਸੇ ਤੌ ਪ੍ਰਸੂਤ ਸਮੈ ਸਤ੍ਰੂ ਕਰਿ ਮਾਨੈ ਪ੍ਰਿਐ ਜਨਮਤ ਸੁਤ ਪੁਨ ਰਚਤ ਸਿੰਗਾਰੈ ਜੀ ।

ਜਿਵੇਂ ਇਸਤਰੀ ਬੱਚਾ ਜੰਮਣ ਵੇਲੇ ਦੀ ਪੀੜਾ ਸਮੇਂ ਪਤੀ ਨੂੰ ਦੁਸ਼ਮਣ ਕਰ ਕੇ ਜਾਣਦੀ ਹੈ, ਪਰ ਪੁਤ੍ਰ ਜੰਮਣ ਤੋਂ ਮਗਰੋਂ ਫੇਰ ਉਸੇ ਲਈ ਸੋਲਾਂ ਸ਼ਿੰਗਾਰਾਂ ਵਿਚ ਰੁਝ ਜਾਂਦੀ ਹੈ, ਭਾਵ ਉਸੇ ਪਤੀ ਨੂੰ ਪਿਆਰ ਕਰਦੀ ਹੈ।

ਜੈਸੇ ਬੰਦਸਾਲਾ ਬਿਖੈ ਭੂਪਤ ਕੀ ਨਿੰਦਾ ਕਰੈ ਛੂਟਤ ਹੀ ਵਾਹੀ ਸ੍ਵਾਮਿ ਕਾਮਹਿ ਸਮ੍ਹਾਰੈ ਜੀ ।

ਜਿਵੇਂ ਰਾਜੇ ਦੀ ਕਿਸੇ ਨਾਰਾਜ਼ਗੀ ਕਰ ਕੇ ਰਾਜੇ ਦਾ ਅਹਿਲਕਾਰ ਕੈਦ ਹੋਇਆ ਕੈਦ ਵਿਚ ਰਾਜੇ ਦੀ ਨਿੰਦਾ ਕਰਦਾ ਹੈ ਪਰ ਉਥੋਂ ਛੁਟਦਾ ਹੀ ਉਸੇ ਉਸੇ ਸ੍ਵਾਮੀ ਦੇ ਕੰਮ ਨੂੰ ਸੰਭਾਲਦਾ ਹੈ।

ਜੈਸੇ ਹਰ ਹਾਇ ਗਾਇ ਸਾਸਨਾ ਸਹਤ ਨਿਤ ਕਬਹੂੰ ਨ ਸਮਝੈ ਕੁਟੇਵਹਿ ਨ ਡਾਰੈ ਜੀ ।

ਜਿਵੇਂ ਚੋਰ ਜਦ ਸਜ਼ਾ ਪਾ ਰਿਹਾ ਹੋਵੇ ਤਾਂ ਰੋਜ਼ ਹਾਏ ਹਾਏ ਕਰਦਾ ਰਹਿੰਦਾ ਹੈ, ਪਰ ਫਿਰ ਸਜ਼ਾ ਤੋਂ ਛੁਟ ਕੇ ਭੈੜੀ ਵਾਦੀ ਨੂੰ ਨਹੀਂ ਛੱਡਦਾ ਤੇ ਮਿਲ ਚੁਕੇ ਦੰਡ ਤੋਂ ਕਦੇ ਸਿਖਿਆ ਨਹੀਂ ਲੈਂਦਾ।

ਤੈਸੇ ਦੁਖ ਦੋਖ ਪਾਪੀ ਪਾਪਹਿ ਤ੍ਯਾਗ੍ਯੋ ਚਾਹੈ ਸੰਕਟ ਮਿਟਤ ਪੁਨ ਪਾਪਹਿ ਬੀਚਾਰੈ ਜੀ ।੫੭੭।

ਤਿਵੇਂ ਪਾਪੀ ਦੋਖਾਂ ਦੇ ਦੁੱਖ ਵਿਚ ਫਸਿਆ ਤਾਂ ਪਾਪਾਂ ਨੂੰ ਛਡਣਾ ਚਾਹੁੰਦਾ ਹੈ ਪਰ ਸੰਕਟ ਦੇਮਿਟਿਆਂ ਫਿਰ ਪਾਪਾਂ ਦੀਆਂ ਹੀ ਵਿਚਾਰਾਂ ਕਰਦਾ ਹੈ ॥੫੭੭॥