ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 321


ਦੀਪਕ ਪਤੰਗ ਅਲਿ ਕਮਲ ਸਲਿਲ ਮੀਨ ਚਕਈ ਚਕੋਰ ਮ੍ਰਿਗ ਰਵਿ ਸਸਿ ਨਾਦ ਹੈ ।

ਦੀਵੇ ਨਾਲ ਪਤੰਗੇ ਦੀ ਭੌਰੇ ਦੀ ਕੌਲ ਫੁਲ ਨਾਲ, ਪਾਣੀ ਨਾਲ ਮਛਲੀ ਦੀ ਤੇ ਚਕਵੀ ਦੀ ਸੂਰਜ ਨਾਲ ਅਰੁ ਚਕੋਰ ਦੀ ਚੰਦ੍ਰਮਾ ਨਾਲ ਤਥਾ ਮਿਰਗ ਦੀ ਨਾਦ ਸ਼ਬਦ ਧੁਨੀ ਨਾਲ ਪ੍ਰੀਤੀ ਹੁੰਦੀ ਹੈ।

ਪ੍ਰੀਤਿ ਇਕ ਅੰਗੀ ਬਹੁ ਰੰਗੀ ਨਹੀ ਸੰਗੀ ਕੋਊ ਸਬੈ ਦੁਖਦਾਈ ਨ ਸਹਾਈ ਅੰਤਿ ਆਦਿ ਹੈ ।

ਇਹ ਪ੍ਰੀਤੀ ਇਕ ਅੰਗੀ ਹੈ ਪਰ ਨਾਲ ਹੀ ਬਹੁਰੰਗੀ ਭੀ ਜਿਸ ਕਰ ਕੇ ਕੋਈ ਸੰਗੀ ਸਾਥੀ ਨਹੀਂ ਬਣ ਸਕਦਾ ਨਾਲ ਨਹੀਂ ਨਿਭ ਸਕਦਾ ਕ੍ਯੋਂਕਿ ਇਹ ਸਾਰੀਆਂ ਪ੍ਰੀਤਾਂ ਹੀ ਇਕ ਪਾਸੜੀਆਂ ਹੋਣ ਕਰ ਕੇ ਦੁਖਦਾਈ ਹਨ, ਤੇ ਇਸੇ ਵਾਸਤੇ ਹੀ ਆਦਿ ਅੰਤ ਕਦਾਚਿਤ ਭੀ ਸਹਾਈ ਸਹੈਤਾ ਕਰਣਹਾਰੀਆਂ ਨਹੀਂ ਹੋ ਸਕਦੀਆਂ।

ਜੀਵਤ ਨ ਸਾਧਸੰਗ ਮੂਏ ਨ ਪਰਮਗਤਿ ਗਿਆਨ ਧਿਆਨ ਪ੍ਰੇਮ ਰਸ ਪ੍ਰੀਤਮ ਪ੍ਰਸਾਦਿ ਹੈ ।

ਸੋ ਐਸੀਆਂ ਇਕ ਅੰਗੀ ਸੰਸਾਰੀ ਪ੍ਰੀਤੀਆਂ ਦੇ ਓੜਕ ਦੀ ਹੱਦ ਤਕ ਨਿਬਾਹਨ ਵਿਚ ਏਸ ਮਨੁੱਖ ਨੂੰ ਏਨਾਂ ਉਕਤ ਜੀਵਾਂ ਵਤ ਹੀ ਜੀਉਂਦੇ ਜੀ ਤਾਂ ਭਲੇ ਸੰਗ ਦਾ ਮਹਾਤਮ ਪ੍ਰਾਪਤ ਨਹੀਂ ਹੁੰਦਾ ਤੇ ਮਰ ਗਿਆਂ ਪਰਮ ਗਤੀ ਕਲ੍ਯਾਣ ਨਹੀਂ ਪ੍ਰਾਪਤ ਹੋ ਜਾਣੀ, ਐਸਾ ਹੀ ਨਾ ਕਿਸੇ ਪ੍ਰਕਾਰ ਦਾ ਗਿਆਨ ਧਿਆਨ ਯਾ ਗਿਆਨ ਧਿਆਨ ਤੋਂ ਪ੍ਰਾਪਤ ਹੋਣ ਹਾਰਾ ਪ੍ਰੇਮ ਰਸ ਪਰਮ ਆਨੰਦ ਹੀ ਜੋ ਪ੍ਰੀਤਮ ਪ੍ਯਾਰੇ ਦਾ ਪ੍ਰਸਾਦਿ ਬਖਸ਼ਸ਼ ਵਾ ਪ੍ਰਸੰਨਤਾ ਰੂਪ ਕਿਹਾ ਜਾਵੇ।

ਮਾਨਸ ਜਨਮੁ ਪਾਇ ਸ੍ਰੀ ਗੁਰ ਦਇਆ ਨਿਧਾਨ ਚਰਨ ਸਰਨਿ ਸੁਖਫਲ ਬਿਸਮਾਦ ਹੈ ।੩੨੧।

ਤਾਂ ਤੇ ਉਚਿਤ ਹੈ ਕਿ ਮਨੁੱਖਾ ਜਨਮ ਨੂੰ ਪ੍ਰਾਪਤ ਹੋਏ ਹੋਏ ਪੁਰਖ ਦਯਾ ਦੇ ਸਾਗਰ ਸ੍ਰੀ ਗੁਰੂ ਮਹਾਰਾਜ ਜੀ ਦੇ ਚਰਣਾਂ ਦੀ ਸ਼ਰਣ ਨੂੰ ਪ੍ਰਾਪਤ ਹੋਣ ਜਿ ਥੋਂ ਇਥੇ ਉਥੇ ਸਭ ਪ੍ਰਕਾਰ ਸੁਖਾਂ ਦਾ ਦਾਤਾ ਬਿਸਮਾਦ ਰੂਪ ਸੁਖਫਲ ਪ੍ਰਾਪਤ ਹੁੰਦਾ ਹੈ ॥੩੨੧॥


Flag Counter