ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 164


ਲਜਾ ਕੁਲ ਅੰਕਸੁ ਅਉ ਗੁਰ ਜਨ ਸੀਲ ਡੀਲ ਕੁਲਾਬਧੂ ਬ੍ਰਤ ਕੈ ਪਤਿਬ੍ਰਤ ਕਹਾਵਈ ।

ਆਪਣੇ ਕੁਲਾ ਧਰਮ ਦੀ ਲਾਜ ਅਤੇ ਵਡੇਰਿਆਂ ਸੱਸ ਸੌਹਰੇ ਜੇਠ ਜਿਠਾਣੀ ਆਦਿ ਦੇ ਵੱਡਤ ਪਾਲਨ ਦੇ ਸੰਕੇਤ ਨਿਬਾਹਨ ਦਾ ਧਰਮ ਰੂਪ ਕੁੰਡਾ ਸਿਰ ਉਪਰ ਰਖਣਾ ਇਸ ਭਾਂਤ ਦੇ ਸੀਲ ਸੇਸ਼ਟ ਸੁਭਾਵ ਦੀ ਡੀਲ ਵ੍ਯੋਂਤ ਵਾ ਵਰਤਨ ਦੇ ਬ੍ਰਤ ਨਿਯਮ ਨੂੰ ਧਾਰਣ ਕਰ ਕੇ ਕੁਲਾ ਬਧੂ ਸ੍ਰੇਸ਼ਟ ਕੁਲ ਦੀ ਨੂੰਹ ਪਤੀਬ੍ਰਤਾ ਪਤੀ ਪੁਰਖ ਪ੍ਰਗ੍ਯਾਵਾਨ ਅਖੌਂਦੀ ਹੈ।

ਦੁਸਟ ਸਭਾ ਸੰਜੋਗ ਅਧਮ ਅਸਾਧ ਸੰਗੁ ਬਹੁ ਬਿਬਿਚਾਰ ਧਾਰਿ ਗਨਕਾ ਬੁਲਾਵਈ ।

ਕੁਸੰਗਤ ਦੇ ਕਾਰਣ ਦੁਸ਼ਟਾਂ ਦੀ ਸਭਾ ਸੰਜੋਗਨ ਹੋ ਕੇ ਪਾਂਬਰ ਬਣ ਉਹ ਬਹੂ ਨੇਹੂ ਦੁਹਾਗਣਿ ਭਾਵ ਪਤੀ ਤੋਂ ਸਿਵਾਯ ਪਰ ਪੁਰਖ ਰਾਵਣ ਦੇ ਸੁਭਾਵ ਨੂੰ ਧਾਰ ਕੇ ਆਪਣੇ ਆਪ ਨੂੰ ਵੇਸਵਾ ਕਾਮਾਤੁਰ ਹੋਈ ਵੇਸ ਪਲਟਨ ਹਾਰੀ ਪੁਕਾਰੀ ਜਾਯਾ ਕਰਦੀ ਹੈ।

ਕੁਲਾਬਧੂ ਸੁਤ ਕੋ ਬਖਾਨੀਅਤ ਗੋਤ੍ਰਾਚਾਰ ਗਨਿਕਾ ਸੁਆਨ ਪਿਤਾ ਨਾਮੁ ਕੋ ਬਤਾਵਈ ।

ਭਲੀ ਕੁਲ ਬਹੂ ਵੌਹਟੀ ਦੇ ਪੁਤ੍ਰ ਦਾ ਤਾਂ ਗੋਤਰਾਚਾਰ ਬੰਸ ਪ੍ਰਣਾਲੀ ਕੁਲ ਦੀ ਪਰੰਪਰਾ ਤੋਂ ਪੱਧਤ ਉਚਾਰੀ ਜਾਂਦੀ ਹੈ। ਪ੍ਰੰਤੂ ਵੇਸ੍ਵਾ ਦੇ ਪੁਤ੍ਰ ਦੇ ਪਿਤਾ ਦਾ ਨਾਮ ਕੌਣ ਦੱਸ ਸਕਦਾ ਹੈ? ਭਾਵ ਉਸ ਦੇ ਤਾਂ ਬੰਸਿ ਪ੍ਰਣਾਲੀ ਸ਼ਰਜਾ ਨਸਬ ਕਿਤੇ ਰਹੀ, ਪਿਓ ਦਾ ਨਾਮ ਭੀ ਲੈਣ ਵਿਚ ਨਹੀਂ ਆ ਸਕਦਾ ਅਰਥਾਤ ਜਿਹੜਾ ਬੰਦਾ ਗੁਰਮੁਖੀ ਮਾਰਗ ਵਿਚ ਪੈਰ ਧਰ ਕੇ ਗੁਰੂ ਪ੍ਰੰਪਰਾ ਤੋਂ ਗੁਰਸਿੱਖਾਂ ਸੰਤਾਂ ਦਾ ਮਾਨ ਆਦਰ ਰਖਦਾ ਹੋਯਾ ਇਕ ਮਾਤ੍ਰ ਗੁਰ ਇਸ਼ਟ ਉਪਰ ਦ੍ਰਿੜ ਰਹਿੰਦਾ ਹੈ ਗੁਰੂ ਪ੍ਰਣਾਲੀ ਵਿਚ ਓਸ ਦੀ ਸੱਥ ਕਾਯਮ ਰਹਿੰਦੀ ਹੈ, ਤੇ ਜੋ ਹੋਰ ਹੋਰ ਮਤ ਮਤਾਂਤਰਾਂ ਵਾਲਿਆਂ ਦੇ ਮਿਤ੍ਰ ਦੇ ਪਿਛੇ ਮਰਦਾ ਰਹੇਗਾ ਉਹ ਬਿਭਚਾਰੀ ਪੁਰਖ ਲੋਕ ਪ੍ਰਲੋਕ ਵਿਚ ਖੁਆਰੀ ਦਾ ਅਧਿਕਾਰੀ ਹੀ ਹੋਵੇਗਾ ਤੇ ਸਤਿਗੁਰੂ ਓਸ ਦੀ ਸਾਖ ਨਹੀਂ ਭਰਣਗੇ। ਜਿਹਾ ਕਿ ਸਪਸ਼ਟ ਕਰਦੇ ਹਨ ਆਪ ਹੀ ਭਾਈ ਸਾਹਿਬ:

ਦੁਰਮਤਿ ਲਾਗਿ ਜੈਸੇ ਕਾਗੁ ਬਨ ਬਨ ਫਿਰੈ ਗੁਰਮਤਿ ਹੰਸ ਏਕ ਟੇਕ ਜਸੁ ਭਾਵਈ ।੧੬੪।

ਦੁਪਾਸੜ ਲੱਤਾਂ ਅੜਾਨ ਵਾਲੇ ਖਿਆਲ ਵਾਲੀ ਦੁਬਿਧਾ ਭਾਵੀ ਮੱਤਿ ਪਿਛੇ ਕਾਂ ਦੀ ਨ੍ਯਾਈਂ ਬਨ ਬਨ ਜੰਗਲ ਜੰਗਲ ਸੰਸਾਰ ਵਿਖੇ ਵਿਸ਼੍ਯਾਂ ਰੂਪ ਵਿਸ਼ਟੇ ਨੂੰ ਹੀ ਜੀਵ ਭੋਜਨ ਫਿਰਦੇ ਹਨ, ਤੇ ਇਕ ਮਾਤ੍ਰ ਗੁਰਮਤਿ ਦੀ ਟੇਕ ਧਾਰ ਕੇ ਹੰਸਾਂ ਸਮਾਨ ਗੁਰੂ ਗਿਆਨ ਰੂਪ ਮੋਤੀਆਂ ਨੂੰ ਚੁਗਨ ਹਾਰੇ ਹੰਸ ਬਿਬੇਕੀ ਕਹੌਣ ਦਾ ਜਸ ਮਾਣਦੇ ਹਨ ॥੧੬੪॥