ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 659


ਕਰ ਅੰਜੁਲ ਜਲ ਜੋਬਨ ਪ੍ਰਵੇਸੁ ਆਲੀ ਮਾਨ ਤਜਿ ਪ੍ਰਾਨਪਤਿ ਪਤਿ ਰਤਿ ਮਾਨੀਐ ।

ਹੇ ਜੁਆਨੀ ਵਿਚ ਪ੍ਰਵੇਸ਼ ਕਰ ਰਹੀ ਸਖੀਏ! ਹੱਥਾਂ ਦੇ ਬੁੱਕਵਿਚ ਪਾਣੀ ਲੈ; ਮਾਨ ਛੱਡ ਕੇ ਪ੍ਰਾਨਪਤੀ ਦਾ ਪੂਜਨ ਕਰ ਤੇ ਪਤੀ ਦੇ ਪ੍ਰੇਮ ਨੂੰ ਮਾਣ।

ਗੰਧਰਬ ਨਗਰ ਗਤ ਰਜਨੀ ਬਿਹਾਤ ਜਾਤ ਔਸੁਰ ਅਭੀਚ ਅਤਿ ਦੁਲਭ ਕੈ ਜਾਨੀਐ ।

ਦੇਖ ਗੰਧਰਬ ਨਗਰੀ ਦੀ ਚਾਲੇ ਰਾਤ ਬੀਤ ਰਹੀ ਹੈ, ਇਸ ਸ਼ੁਭ ਮਹੂਰਤ ਨੂੰ ਅਤਿ ਦੁਰਲਭ ਸਮਾਂ ਕਰ ਕੇ ਜਾਣ।

ਸਿਹਜਾ ਕੁਸਮ ਕੁਮਲਾਤ ਮੁਰਝਾਤ ਪੁਨ ਪੁਨ ਪਛੁਤਾਤ ਸਮੋ ਆਵਤ ਨ ਆਨੀਐ ।

ਸੇਜਾ ਦੇ ਫੁਲ ਕੁਮਲਾਉਂਦੇ ਤੇ ਮੁਰਝਾਉਂਦੇ ਜਾਂਦੇ ਹਨ; ਫਿਰ ਪਛੁਤਾਈਦਾ ਹੈ ਗਿਆ ਸਮਾਂ ਮੋੜ ਕੇ ਲਿਆਇਆਂ ਨਹੀਂ ਲਿਆਇਆ ਜਾ ਸਕਦਾ।

ਸੋਈ ਬਰ ਨਾਰਿ ਪ੍ਰਿਯ ਪ੍ਯਾਰ ਅਧਿਕਾਰੀ ਪ੍ਯਾਰੀ ਸਮਝ ਸਿਆਨੀ ਤੋਸੋ ਬੇਨਤੀ ਬਖਾਨੀਐ ।੬੫੯।

ਉਹੋ ਹੀ ਸ੍ਰੇਸ਼ਟ ਤੇ ਪਿਆਰੀ ਇਸਤਰੀ ਹੁੰਦੀ ਹੈ ਜੋ ਪਿਆਰੇ ਦੇ ਪਿਆਰ ਦੀ ਹੱਕਦਾਰ ਬਣਦੀ ਹੈ; ਤੂੰ ਸਿਆਣੀ ਬਣ ਤੇ ਸਮਝ ਤੈਨੂੰ ਮੈਂ ਇਸੇ ਕਰ ਕੇ ਬੇਨਤੀ ਕੀਤੀ ਹੈ ॥੬੫੯॥


Flag Counter