ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 221


ਜਨਨੀ ਸੁਤਹਿ ਬਿਖੁ ਦੇਤ ਹੇਤੁ ਕਉਨ ਰਾਖੈ ਘਰੁ ਮੁਸੈ ਪਾਹਰੂਆ ਕਹੋ ਕੈਸੇ ਰਾਖੀਐ ।

ਮਾਤਾ ਹੀ ਪੁੱਤਰ ਨੂੰ ਜੇਕਰ ਵਿਖ ਜ਼ਹਿਰ ਦੇਵੇ ਤਾਂ ਓਸ ਨਾਲ ਹਿਤ ਪਿਆਰ ਕੋਣ ਪਾਲੇਗਾ। ਜੇਕਰ ਪਹਿਰੇਦਾਰ ਹੀ ਘਰ ਲੁੱਟਣ ਉਠ ਪਵੇ ਤਾਂ ਦੱਸੋ ਭਾਈ! ਕਿਸ ਪ੍ਰਕਾਰ ਸੰਭਾਲਾ ਕੀਤਾ ਜਾ ਸਕੇ?

ਕਰੀਆ ਜਉ ਬੋਰੈ ਨਾਵ ਕਹੋ ਕੈਸੇ ਪਾਵੈ ਪਾਰੁ ਅਗੂਆਊ ਬਾਟ ਪਾਰੈ ਕਾ ਪੈ ਦੀਨੁ ਭਾਖੀਐ ।

ਐਸਾ ਹੀ ਜੇਕਰ ਕਰੀਐ ਮਲਾਹ ਹੀ ਬੇੜੀ ਡੋਬਨ ਡਹਿ ਪਵੇ ਤਾਂ ਦੱਸੋ! ਪਾਰ ਕੀਕੂੰ ਪੁਜਿਆ ਜਾ ਸਕੂ, ਅਰੁ ਜੇ ਆਗੂ ਰਹਿਬਰੀ ਕਰਣਹਾਰਾ ਹੀ ਉਲਟੇ ਰਾਹ ਪਾਣ ਲਗ ਪਵੇ, ਵਾ ਉਲਟਾ+ਬਾਟਾ ਪਾਰੈ ਗ੍ਰਹ ਮਾਰੀ ਕਰਣ ਧਾੜਾ ਪੌਣ ਲਗ ਪਵੇ ਤਾਂ ਕਿਸ ਕੋਲ ਦੀਨ ਹੋ ਪੁਕਾਰੀਏ ਫਰ੍ਯਾਦ ਲਜਾਈਏ?

ਖੇਤੈ ਜਉ ਖਾਇ ਬਾਰਿ ਕਉਨ ਧਾਇ ਰਾਖਨਹਾਰੁ ਚਕ੍ਰਵੈ ਕਰੈ ਅਨਿਆਉ ਪੂਛੈ ਕਉਨੁ ਸਾਖੀਐ ।

ਜੇਕਰ ਖੇਤ ਨੂੰ ਵਾੜ ਹੀ ਚਰ ਜਾਵੇ ਤਾਂ ਕਿਹੜਾ ਰਾਖਾ ਹੋ ਕੇ ਰਖਵਾਲੀ ਲਈ ਦੌੜੇ, ਤੇ ਇਵੇਂ ਹੀ ਸਾਖ੍ਯਾਤ ਚਕ੍ਰਵੈ ਚਹੁੰ ਚੱਕਾਂ ਦਾ ਦੇਸ਼ ਦਾ ਮਾਲਕ ਰਾਜਾ ਜੇ ਆਪ ਹੀ ਅਨੀਤੀ ਚੁਕ ਲਵੇ ਤਾਂ ਗਵਾਹੀ ਵਾਲੇ ਨੂੰ ਕੌਣ ਪੁਛੇਗਾ?

ਰੋਗੀਐ ਜਉ ਬੈਦੁ ਮਾਰੈ ਮਿਤ੍ਰ ਜਉ ਕਮਾਵੈ ਦ੍ਰੋਹੁ ਗੁਰ ਨ ਮੁਕਤੁ ਕਰੈ ਕਾ ਪੈ ਅਭਿਲਾਖੀਐ ।੨੨੧।

ਅਰੁ ਫੇਰ ਜੇਕਰ ਰੋਗੀ ਤਾਂਈ ਬੈਦ ਹਕੀਮ ਹੀ ਮਾਰੇ ਤੇ ਮਿਤ੍ਰ ਭਰੋਸੇ ਦੀ ਥਾਂ ਥਾਪਿਆ ਹੋਇਆ ਬੇਲੀ ਹੀ ਜੇਕਰ ਕਪਟ ਛਲ ਵਰਤਨ ਲਗ ਪਵੇ ਅਤੇ ਗੁਰੂ ਮੁਕਤ ਨ ਕਰਨ ਸਗੋਂ ਉਲਟਾ ਭਰਮ ਸਾਰਣ ਤਾਂ ਕਿਸ ਦੇ ਪਾਸੋਂ ਮੁਰਾਦ ਮੰਗਣ ਜਾਈਏ ? ॥੨੨੧॥


Flag Counter