ਕਿਸ ਤਰ੍ਹਾਂ ਤੂੰ ਨਾ ਫੜੇ ਜਾਣ ਵਾਲੇ ਨੂੰ ਫੜ ਲਿਆ ਹੈ ਤੇ ਕਿਵੇਂ ਤੂੰ ਲਾ ਛਲੇ ਜਾਣ ਵਾਲੇ ਨੂੰ ਛਲ ਲਿਆ ਹੈ? ਜਿਸ ਦਾ ਕੋਈ ਭੇਦ ਨਹੀਂ ਪਾ ਸਕਿਆ; ਕਿਵੇਂ ਤੂੰ ਉਸ ਦਾ ਭੇਦ ਪਾਇਆ ਹੈ; ਤੇ ਕਿਵੇਂ ਨਾ ਲਖੇ ਜਾਣ ਵਾਲੇ ਨੂੰ ਲਖ ਲਿਆ ਹੈ?
ਨਾ ਦੇਖੇ ਜਾ ਸਕਣ ਵਾਲੇ ਨੂੰ ਕਿਵੇਂ ਵੇਖਿਆ ਹੈ? ਹਿਰਦੇ ਵਿਚ ਨਾ ਗੱਡੇ ਜਾ ਸਕਣ ਵਾਲੇ ਨੂੰ ਕਿਵੇਂ ਉਥੇ ਗੱਡ ਲਿਆ ਹੈ। ਕਿਵੇਂ ਅਪਿਓ ਨੂੰ ਪੀਤਾ ਹੈ ਤੇ ਅਜਰ ਨੂੰ ਕਿਵੇਂ ਜਰਿਆ ਹੈ?
ਅਜਾਪ ਨੂੰ ਤੂੰ ਕਿਵੇਂ ਜਪਿਆ ਹੈ? ਥਾਪੇ ਨਾ ਸਕਣ ਵਾਲੇ ਨੂੰ ਕਿਵੇਂ ਥਾਪਿਆ ਹੈ? ਨਾ ਛੋਹੇ ਜਾਣ ਵਾਲੇ ਨੂੰ ਕਿਵੇਂ ਛੋਹਿਆ ਹੈ ਤੇ ਜਿਸ ਤਕ ਪਹੁੰਚ ਨਹੀਂ ਹੋ ਸਕਦੀ ਉਸ ਨੂੰ ਕਿਵੇਂ ਸੌਖੇ ਹੀ ਪਾ ਲਿਆ ਹੈ।
ਜਿਸਦੀ ਗਤੀ ਬੜੀ ਅਸਚਰਜ ਹੈ; ਅਸਚਰਜ ਹੈ ਤੇ ਵਿਸਮਾਦੀ ਹੈ ਉਸ ਪਾਰ ਰਹਿਤ ਨੂੰ ਜੋ ਨਿਰਾਧਰ ਹੈ ਤੂੰ ਕਿਵੇਂ ਆਪਣੇ ਅੰਦਰ ਠਹਿਰਾ ਲਿਆ ਹੈ? ॥੬੪੮॥