ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 21


ਸਿਧ ਨਾਥ ਜੋਗੀ ਜੋਗ ਧਿਆਨ ਮੈ ਨ ਆਨ ਸਕੇ ਬੇਦ ਪਾਠ ਕਰਿ ਬ੍ਰਹਮਾਦਿਕ ਨ ਜਾਨੇ ਹੈ ।

ਸਿੱਧ ਲੋਕ ਜਿਨ੍ਹਾਂ ਨੂੰ ਅਣਿਮਾ ਮਹਿਮਾ ਆਦਿ ਅੱਠ ਐਸ਼੍ਵਰਯ ਸਿੱਧੀਆਂ ਪ੍ਰਾਪਤ ਹੋ ਚੁਕੀਆਂ ਹਨ ਵਾ ਦਿਨ ਰਾਤ ਜਪ ਤਪ ਆਦਿ ਸਾਧਨਾਂ ਦੇ ਸਿੱਧ ਕਰਨ ਵਿਚ ਜੁਟਕੇ ਜਿਨ੍ਹਾਂ ਨੇ ਅਪਨੇ ਆਪ ਨੂੰ ਪੂਰਾ ਪੂਰਾ ਸਾਧ ਲਿਆ ਹੈ, ਭਾਵ ਅੰਗ ਅੰਗ ਉਪਰ ਜਿਨ੍ਹਾਂ ਨੇ ਵਸ਼ੀਕਾਰ ਪਾ ਲਿਆ ਹੈ, ਨਾਥ -ਉਹ ਲੋਕ ਜਿਨ੍ਹਾਂ ਨੇ ਅਪਨੀਆਂ ਮਨ ਅਰੁ ਇੰਦ੍ਰੀਆਂ ਦੀਆਂ ਬਿਰਤੀਆਂ ਨੂੰ ਨੱਥ ਲਿਆ ਤੇ ਸਾਧਾਰਣ ਸਿੱਧਾਂ ਉਪਰ ਮਹਾਨਤਾ ਪ੍ਰਾਪਤ ਕਰ ਲਈ ਹੋਵੇ ਐਸੇ ਗੋਰਖ ਨਾਥ ਆਦਿ ਜਿਨਾਂ ਦੀ ਗਿਣਤੀ ਨੌਂ ਮੰਨੀ ਗਈ ਹੈ ਇਹ ਸਿੱਧ, ਨਾਥ ਅਰੁ ਜੋਗੀ ਜਿਨਾਂ ਦਾ ਕਰਤਬ ਕਿਸਬ ਹੀ ਜੋਗ ਦਾ ਹੋਣ ਕਰ ਕੇ ਯੋਗੀ ਸਦਾਉਂਦੇ ਹਨ ਜੋਗ ਅਸ਼੍ਵਾਗ ਯੋਗ ਸਾਧਨੇ ਆਦਿ ਜਤਨਾਂ ਰਾਹੀਂ ਜਿਸ ਨੂੰ ਧਿਆਨ ਵਿਚ ਨਹੀਂ ਲਿਆ ਸਕੇ, ਅਤੇ ਬ੍ਰਹਮਾ ਆਦਿਕ ਨੇ ਬੇਦ ਪੜ੍ਹ ਪੜ੍ਹ ਕੇ ਜਿਸ ਨੂੰ ਨਹੀਂ ਜਾਣਿਆ ਭਾਵ ਜਿਸ ਦੇ ਗਿਆਨ ਤੋਂ ਬੰਚਿਤ ਰਹੇ।

ਅਧਿਆਤਮ ਗਿਆਨ ਕੈ ਨ ਸਿਵ ਸਨਕਾਦਿ ਪਾਏ ਜੋਗ ਭੋਗ ਮੈ ਨ ਇੰਦ੍ਰਾਦਿਕ ਪਹਿਚਾਨੇ ਹੈ ।

ਇਸੀ ਪ੍ਰਕਾਰ ਸ਼ਿਵਜੀ ਅਰੁ ਸਨਕਾਦਿਕਾਂ ਨੇ ਅਧ੍ਯਾਤਮ ਗਿਆਨ ਕਮਾ ਕਮਾ ਕੇ ਜਿਸ ਨੂੰ ਨਹੀਂ ਪਾਇਆ, ਉਸ ਨੂੰ ਭੋਗਾਂ ਵਿਖੇ ਜੋਗ ਸਾਧਦਿਆਂ ਹੋਇਆਂ ਇੰਦ੍ਰ ਆਦਿਕਾਂ ਭੀ ਨਹੀਂ ਪਛਾਨਿਆ ਹੈ। ਭਾਵ ਆਤਮਾ ਨੂੰ ਆਸ਼੍ਰਯ ਕਰਣ ਹਾਰ ਆਤਮ ਗਿਆਨ ਪ੍ਰਾਇਣ ਅਧ੍ਯਾਤਮ ਵਿਦਿਆ ਰੂਪ ਵੇਦਾਂਤ ਦ੍ਵਾਰੇ ਜੋ ਪ੍ਰਾਪਤ ਨਹੀਂ ਹੋ ਸਕਦਾ ਅਰੁ ਜੋਗ ਭੋਗ = ਰਾਜ ਯੋਗ ਸਾਧਨ ਭੀ ਜਿਸ ਦੀ ਪਛਾਨ ਕਰਾਨ ਲਈ ਸਮਰੱਥ ਨਹੀਂ।

ਨਾਮ ਸਿਮਰਨ ਕੈ ਸੇਖਾਦਿਕ ਨ ਸੰਖ ਜਾਨੀ ਬ੍ਰਹਮਚਰਜ ਨਾਰਦਾਦਕ ਹਿਰਾਨੇ ਹੈ ।

ਨਾਮ ਸਿਮਰਨ ਕੈ = ਗਿਣਤੀਆਂ ਵਿਚ ਨਾਮ ਨੂੰ ਚੇਤੇ ਕਰ ਕਰ ਕੇ ਸ਼ੇਸ਼ ਨਾਗ ਆਦਿਕ ਨੇ ਭੀ ਉਸ ਅਸੰਖ ਦੀ ਸੰਖ੍ਯਾ ਸ਼ੁਮਾਰ ਨੂੰ ਨਹੀਂ ਜਾਣਿਆ, ਨਾਰਦ ਆਦਿਕ ਮੁਨੀ ਭੀ ਜਿਸ ਦੇ ਮਰਮ ਨੂੰ ਲੱਭਦੇ। ਬ੍ਰਹਮਚਰਜ ਨੂੰ ਸਾਧਦੇ ਸਾਧਦੇ ਥੱਕ ਗਏ।

ਨਾਨਾ ਅਵਤਾਰ ਕੈ ਅਪਾਰ ਕੋ ਨ ਪਾਰ ਪਾਇਓ ਪੂਰਨ ਬ੍ਰਹਮ ਗੁਰਸਿਖ ਮਨ ਮਾਨੇ ਹੈ ।੨੧।

ਇਞੇਂ ਹੀ ਭਗਵਾਨ ਵਿਸ਼ਨੂੰ ਭੀ ਅਨੇਕਾਂ ਅਵਤਾਰ ਧਾਰ ਧਾਰ ਕੇ ਜਿਸ ਅਪਾਰ ਦੇ ਪਾਰ ਨੂੰ ਨਹੀਂ ਪਾ ਸਕੇ ਓਸ ਪੂਰਨ ਬ੍ਰਹਮ ਪਰਮਾਤਮਾ ਨੂੰ ਗੁਰੂ ਦੇ ਸਿੱਖ ਨੇ ਹੀ ਜ੍ਯੋਂ ਕਾ ਤ੍ਯੋਂ ਅਪਣੇ ਮਨ ਵਿਖੇ ਮੰਨਿਆ ਭਾਵ ਪੂਰੀ ਪੂਰੀ ਤਰ੍ਹਾਂ ਨਿਸਚੇ ਕੀਤਾ ਹੈ ॥੨੧॥


Flag Counter