ਜਿਸ ਤਰ੍ਹਾਂ ਅਨੀ ਨੋਕ ਵਾ ਧਾਰਾ ਬਾਣ ਦੀ ਟੁੱਟ ਕੇ ਸ਼ਰੀਰ ਵਿਚ ਹੀ ਕਦਾਚਿਤ ਰਹਿ ਜਾਂਦੀ ਹੈ ਤਾਂ ਚਮਕ ਪਥਰ ਦਿਖੌਂਦੇ ਸਾਰ ਸ਼ਰੀਰ ਦੇ ਓਸ ਟਿਕਾਣੇ ਸਾਮ੍ਹਣੇ ਕਰਦਿਆਂ ਸਾਰ ਹੀ ਉਹ ਬਾਹਰ ਆ ਜਾਯਾ ਕਰਦੀ ਹੈ।
ਜਿਸ ਤਰ੍ਹਾਂ ਰੋਗੀ ਦੇ ਸਰੀਰ ਉਪਰ ਪੀੜਿਤ ਥਾਂ ਤੇ ਜੋਕ ਵਾ ਤੂੰਬੀ ਲਗਾਈਦੀ ਹੈ, ਤਾਂ ਉਹ ਲਹੂ ਗੰਦੇ ਨੂੰ ਖਿੱਚ ਲੈਂਦੀ, ਅਰੁ ਪੀੜਾ ਤੋਂ ਹੋਏ ਸ੍ਰਮ ਦੁੱਖ ਨੂੰ ਗੁਵਾ ਦਿੰਦੀ ਹੈ।
ਜਿਸ ਤਰ੍ਹਾਂ ਦਾਈ, ਤੀਵੀਂ ਗਰਭਣੀ ਦੀ ਧਰਣ ਨੂੰ ਮਲ ਦਿੰਦੀ ਹੈ ਤਾਂ ਗਰਭ ਠਹਿਰ ਜਾਯਾ ਕਰਦਾ ਹੈ ਤੇ ਫੇਰ ਓਸ ਨੂੰ ਪੀੜਾ ਨਹੀਂ ਗ੍ਰਸ ਸਕਿਆ ਕਰਦੀ।
ਤਿਸੀ ਪ੍ਰਕਾਰ ਕਾਮ ਆਦਿ ਪੰਜੇ ਭੂਤ ਦੂਤ ਦੁਸ਼੍ਟਤਾ ਕਰਨ ਵਾਲੇ ਬਿਭ੍ਰਮ ਹੋਇ ਘਾਬਰ ਕੇ ਪ੍ਰੇਸ਼ਾਨ ਹੋ ਕੇ ਭੱਜ ਜਾਯਾ ਕਰਦੇ ਹਨ ਜਦ ਕਿ ਸਤਿਗੁਰਾਂ ਦੇ ਰਸੀਲੇ ਮੰਤ੍ਰ ਵਿਚ ਜੀਵ ਰਸ ਜਾਵੇ। ਵਾ ਜਦ ਮਨੁੱਖ ਦੀ ਰਸਨਾ ਨਾਮ ਵਿਚ ਰਸ ਪੈਂਦੀ ਹੈ ॥੩੬੫॥