ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 220


ਰੂਪ ਹੀਨ ਕੁਲ ਹੀਨ ਗੁਨ ਹੀਨ ਗਿਆਨ ਹੀਨ ਸੋਭਾ ਹੀਨ ਭਾਗ ਹੀਨ ਤਪ ਹੀਨ ਬਾਵਰੀ ।

ਸੂਰਤ ਤੋਂ ਹੀਨ ਹਾਂ ਸੁਰਤਿ ਦੀ ਢਾਲ ਰਹਿਤ ਹੋਣ ਕਰ ਕੇ, ਇਕ ਮਾਤ੍ਰ ਗੁਰੂ ਮਹਾਰਾਜ ਦੇ ਹੋਣ ਦੇ ਮਾਨ ਰੂਪ ਕੁਲ ਰਹਿਤ ਹਾਂ, ਗੁਣ ਰੂਪ ਸਾਧਨਾ ਤੋਂ ਛੂਛਾ ਹਾਂ ਤੇ *ਅਕਲੀਂ ਸਾਹਿਬ ਸੇਵੀਐ* ਸੁਮਤਿ ਵੀਚਾਰ ਰੂਪ ਗਿਆਨ ਭੀ ਮੇਰੇ ਵਿਚ ਨਹੀਂ ਹੈ। ਸੁਜਸ ਅਰੁ ਸੁਕੀਰਤੀ ਰੂਪ ਸ਼ੋਭਾ ਤੋਂ ਭੀ ਹੀਣਾ ਹਾਂ ਕ੍ਯੋਂ ਜੁ ਮੇਰਾ ਅੰਦਰ ਹਮਦਰਦੀ ਤੋਂ ਖਾਲੀ ਹੈ, ਅੰਗ ਪੂਰਾ ਪੂਰਾ ਨਾ ਪਾਲਣ ਕਾਰਣ ਭਾਗ ਹੀਨ ਹਾਂ, ਅਤੇ ਗੁਰੂ ਦੀ ਸੇਵਾ ਰੂਪ ਤਪ ਤੋਂ ਭਗੱਲ ਹੋਣ ਕਰ ਕੇ ਤਪ ਤੋਂ ਸੁੰਞਾ ਹਾਂ, ਤਥਾ ਬਾਵਰੀ ਬ+ਅਵਰੀ ਦ੍ਵੈਤ ਦੁਬਿਧਾ ਕਰ ਕੇ ਅਵਰਿਆ ਲਪੇਟਿਆ ਹੋਇਆ ਹੈ ਅੰਦਰ ਦਿਮਾਗ, ਐਸਾ ਕਮਲਾ ਸੌਦਾਈ ਹਾਂ।

ਦ੍ਰਿਸਟਿ ਦਰਸ ਹੀਨ ਸਬਦ ਸੁਰਤਿ ਹੀਨ ਬੁਧਿ ਬਲ ਹੀਨ ਸੂਧੇ ਹਸਤ ਨ ਪਾਵ ਰੀ ।

ਪਰਤੱਖ ਵਿਚ ਸਮੇਂ ਸਤਿਗੁਰਾਂ ਦੇ ਦਰਸ਼ਨਾਂ ਤੋਂ ਹੀਣੀ ਨਿਗ੍ਹਾ ਵਾਲਾ ਤਥਾ ਗੁਰੂ ਮਹਾਰਾਜ ਦੇ ਸ਼ਬਦ ਰੂਪ ਬਚਨ ਸੁਨਣੋਂ ਅਨਵੰਜ ਕੰਨਾਂ ਵਾਲਾ ਹਾਂ ਤਾਂ ਬੁਧੀ ਵਿਚ ਤੇ ਨਾ ਹੀ ਸ਼ਰੀਰ ਅੰਦਰ ਬਲ ਹੀ ਹੈ ਕ੍ਯੋਂਜੁ ਇਹ ਸੋਚ ਹੀ ਨਹੀਂ ਫੁਰਦੀ ਜੋ ਝੱਟ ਗੁਰੂ ਜੀ ਦਿਆਂ ਚਰਣਾਂ ਵਿਚ ਅੰਮ੍ਰਿਤਸਰ ਜਾ ਢਹਾਂ। ਕਾਰਣ ਕੀਹ ਕਿ ਲੋਕਾਂ ਤੋਂ ਲੈ ਲੈ ਕੇ ਪੇਟ ਭਰ ਰਿਹਾ ਹਾਂ ਹੱਥ ਸੂਧੇ ਸ੍ਵੱਛ ਨਹੀਂ ਹਨ, ਤੇ ਪੈਰ ਭੀ ਬੇਮੁਖ ਰਸਤੇ ਤੁਰਨ ਕਾਰਣ ਮਾਨੋਂ ਕੁਮਾਰਗੋਂ ਨਹੀਂ ਬਚੇ ਹੋਏ ਇਸ ਪ੍ਰਕਾਰ ਦਾ ਕੁਕਰਮੀ ਤੇ ਕੁਚਾਲੀ ਹਾਂ ਰੀ ਹੇ ਭਾਈ ਜਨੋਂ!

ਪ੍ਰੀਤ ਹੀਨ ਰੀਤਿ ਹੀਨ ਭਾਇ ਭੈ ਪ੍ਰਤੀਤ ਹੀਨ ਚਿਤ ਹੀਨ ਬਿਤ ਹੀਨ ਸਹਜ ਸੁਭਾਵ ਰੀ ।

ਵਿਛੁੜਿਆ ਬੈਠਾ ਦਿਨ ਕੱਟ ਰਿਹਾ ਹਾਂ ਜਿਸ ਕਰ ਕੇ ਮਾਨੋ ਪ੍ਰੀਤਿ ਤੋਂ ਖਾਲੀ ਹਾਂ ਬੇਮੁਖ ਮਾਰਗ ਅੰਗੀਕਾਰ ਨਾ ਕਰਣਾ ਇਹ ਗੁਰੂ ਘਰ ਦੀ ਰੀਤੀ ਮਰਿਆਦਾ ਹੈ, ਪਰ ਮੈਂ ਬੇਮੁਖ ਹੋਯਾ ਬੈਠਾ ਹਾਂ ਜਿਸ ਕਰ ਕੇ ਰੀਤੀ ਵਿਚ ਭੀ ਨਹੀਂ ਵਰਤਨ ਵਾਲਾ, ਨਾ ਹੀ ਭਾਇ ਭੌਣੀ ਸਰਧਾ ਤੇ ਨਾ ਹੀ ਇਸ ਬੇਮੁਖਤਾ ਦੇ ਅੰਤਿਮ ਸਿੱਟੇ ਫਲ ਪ੍ਰਾਪਤੀ ਦਾ ਡਰ ਮੇਰੇ ਅੰਦਰ ਹੈ ਇਸ ਕਰ ਕੇ ਪ੍ਰਤੀਤ ਨਿਸਚੇ ਤੋਂ ਭੀ ਮਾਨੋਂ ਮੈਂ ਹੀਣ ਹਾਂ। ਚਿੱਤ ਮਾਨੋਂ ਮਰ ਗਿਆ ਹੈ, ਗੁਰੂ ਦੇ ਉਪਕਾਰ ਜੂ ਚਿਤਾਰਕੇ ਛੇਤੀ ਚਰਣ ਸ਼ਰਣ ਪੁਜਣ ਦੀ ਚਾਹਨਾ ਨਹੀਂ ਉਠਾਂਦਾ। ਤਾਂ ਤੇ ਸਹਿਜ ਸੁਭਾਵ ਹੀ ਮੈਂ ਬਿੱਤ ਸਮਰੱਥਾ ਤੋਂ ਹੀਨ ਹਾਂ। ਪਿਆਰਿਓ!

ਅੰਗ ਅੰਗ ਹੀਨ ਦੀਨਾਧੀਨ ਪਰਾਚੀਨ ਲਗਿ ਚਰਨ ਸਰਨਿ ਕੈਸੇ ਪ੍ਰਾਪਤ ਹੁਇ ਰਾਵਰੀ ।੨੨੦।

ਤਾਤਾਪਰਜ ਕੀਹ ਕਿ ਅੰਗ ਪਿਆਰ ਰੂਪ ਅੰਗ ਸਾਧਨ ਤੋਂ ਮੈਂ ਸਭ ਪ੍ਰਕਾਰ ਹੀਣਾ ਹਾਂ, ਇਸੇ ਲਈ ਹੀ ਦੀਨਤਾ ਤੇ ਅਧੀਨਗੀ ਧਾਰ ਕੇ ਚਰਣ ਕਮਲਾਂ ਵਿਚ ਲੱਗ ਕੇ ਪਰਚਿਆ ਨਹੀਂ ਰਿਹਾ, ਹੁਣ ਕੈਸੇ ਕਿਸ ਪ੍ਰਕਾਰ ਰਾਵ ਮਾਲਕ ਦੀ ਸ਼ਰਣ ਸਹਾਰੇ ਵਾ ਓਟ ਆਸਰੇ ਦੀ ਪ੍ਰਾਪਤੀ ਹੋਵੇ? ਹੇ ਪਿਆਰਿਓ! ॥੨੨੦॥


Flag Counter