ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 587


ਜੈਸੇ ਬ੍ਰਿਥਾਵੰਤ ਜੰਤ ਪੂਛੈ ਬੈਦ ਬੈਦ ਪ੍ਰਤਿ ਜੌ ਲੌ ਨ ਮਿਟਤ ਰੋਗ ਤੌ ਲੌ ਬਿਲਲਾਤ ਹੈ ।

ਜਿਵੇਂ ਰੋਗੀ ਜੀਵ ਹਰੇਕ ਵੈਦ ਨੂੰ ਪੁੱਛਦਾ ਫਿਰਦਾ ਹੈ, ਜਦ ਤਕ ਉਸ ਦਾ ਰੋਗ ਨਹੀਂ, ਮਿਟਦਾ ਤਕ ਤਕ ਆਪਣੀ ਪੀੜਾ ਦੇ ਰੋਣੇ ਰੋਂਦਾ ਰਹਿੰਦਾ ਹੈ।

ਜੈਸੇ ਭੀਖ ਮਾਂਗਤ ਭਿਖਾਰੀ ਘਰਿ ਘਰਿ ਡੋਲੈ ਤੌ ਲੌ ਨਹੀਂ ਆਵੈ ਚੈਨ ਜੌ ਲੌ ਨ ਅਘਾਤ ਹੈ ।

ਜਿਵੇਂ ਮੰਗਤਾ ਭਿਖਿਆ ਮੰਗਦਾ ਹੋਇਆ ਘਰ ਘਰ ਡੋਲਦਾ ਫਿਰਦਾ ਹੈ, ਤਦ ਤਕ ਉਸ ਨੂੰ ਚੈਨ ਨਹੀਂ ਆਉਂਦਾ ਜਦ ਤਕ ਉਹ ਰੱਜਦਾ ਨਹੀਂ।

ਜੈਸੇ ਬਿਰਹਨੀ ਸੌਨ ਸਗਨ ਲਗਨ ਸੋਧੈ ਜੌ ਲੌ ਨ ਭਤਾਰ ਭੇਟੈ ਤੌ ਲੌ ਅਕੁਲਾਤ ਹੈ ।

ਜਿਵੇਂ ਵਿਯੋਗਣ ਸ਼ਗਨ ਮਨਾਉਂਦੀ ਲਗਨ ਸੋਧਦੀ ਤੇ ਔਂਸੀਆਂ ਪਾਉਂਦੀ ਹੈ, ਅਤੇ ਜਦ ਤਕ ਪਤੀ ਨੂੰ ਨਹੀਂ ਮਿਲਦੀ ਤਕ ਤਕ ਵਿਆਕੁਲ ਹੋਈ ਰਹਿੰਦੀ ਹੈ।

ਤੈਸੇ ਖੋਜੀ ਖੋਜੈ ਅਲ ਕਮਲ ਕਮਲ ਗਤਿ ਜੌ ਲੌ ਨ ਪਰਮ ਪਦ ਸੰਪਟ ਸਮਾਤ ਹੈ ।੫੮੭।

ਇਸੇ ਤਰ੍ਹਾਂ ਖੋਜੀ ਜਗਿਆਸੂ ਭੌਰੇ ਦੇ ਹਰ ਕਵਲ ਫੁੱਲ ਨੂੰ ਢੂੰਡਣ ਵਾਂਗ ਭਾਲ ਵਿਚ ਰਹਿੰਦਾ ਹੈ ਜਦ ਤਕ ਕਿ ਪਰਮ ਪਦ ਰੂਪੀ ਸੰਪੁਟ ਵਿਚ ਸਮਾ ਨਹੀਂ ਜਾਂਦਾ ॥੫੮੭॥