ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 78


ਆਧਿ ਕੈ ਬਿਆਧਿ ਕੈ ਉਪਾਧਿ ਕੈ ਤ੍ਰਿਦੋਖ ਹੁਤੇ ਗੁਰਸਿਖ ਸਾਧ ਗੁਰ ਬੈਦ ਪੈ ਲੈ ਆਏ ਹੈ ।

ਆਧਿ ਕੈ ਮਾਨਸੀ ਦੁੱਖਾਂ ਕਰ ਕੇ ਦੁਖੀ, ਅਤੇ ਬਿਆਧਿ ਕੈ ਸਰੀਰਿਕ ਰੋਗ ਗ੍ਰਸਤ ਤਥਾ ਉਪਾਧਿ ਕੈ ਕਾਮੁਕਿ ਲੌਕਿਕ ਅਤੇ ਦੈਵਿਕ ਬਖੇੜਿਆਂ ਕਰ ਕੇ ਦੁਖੀ, ਇਉਂ ਆਧਿ ਬ੍ਯਾਧਿ ਉਪਾਧਿ ਰੂਪ ਤ੍ਰਿਦੋਖ ਸੰਨਪਾਤ ਕਰ ਕੇ ਜੋ ਦੁਖੀ ਹੋ ਰਹੇ ਮਾਨੋਂ ਰੋਗੀ ਲੋਕ ਹਨ, ਓਨ੍ਹਾਂ ਨੂੰ ਪ੍ਰੇਰ ਪ੍ਰੇਰ ਕੇ ਸੁਮੱਤੇ ਲਾ ਲਾ ਕੇ ਗੁਰੂ ਕੇ ਸਿੱਖ ਸਾਧ ਗੁਰ ਸਤਿਗੁਰੂ ਨਿਰਮਲ ਕਰਮਾ ਪੂਰਨ ਗੁਰੂ ਰੂਪ ਬੈਦ ਪਾਸ ਲਿਔਂਦੇ ਹਨ।

ਅੰਮਿਤ ਕਟਾਛ ਪੇਖ ਜਨਮ ਮਰਨ ਮੇਟੇ ਜੋਨ ਜਮ ਭੈ ਨਿਵਾਰੇ ਅਭੈ ਪਦ ਪਾਏ ਹੈ ।

ਐਸੇ ਅਧਿਦੈਵਿਕ, ਅਧਿਭੂਤਿਕ ਤ੍ਰੈ ਤਾਪ ਰੂਪ ਰੋਗ ਕਰ ਕੇ ਗ੍ਰਸਤ ਰੋਗੀਆਂ ਨੂੰ ਸਰਣ ਆਯਾ ਤਕ ਸਤਿਗੁਰੂ ਅੰਮ੍ਰਿਤ ਬਰਸੌਣੀ ਦ੍ਰਿਪਾ ਦ੍ਰਿਸ਼੍ਟੀ ਨਾਲ ਪੇਖ ਦੇਖ ਕੇ ਜਨਮ ਮਰਣ ਮੇਟ ਦਿੰਦੇ ਹਨ ਅਰਥਾਤ ਜੋਨਿ ਮਾਤਾ ਦੇ ਗਰਭ ਦ੍ਵਾਰਿਓਂ ਔਣ ਜੰਮਨ ਦਾ ਅਰੁ ਜਮ ਯਮ ਮਰਣ ਦਾ ਭੈ ਨਿਵਾਰਣ ਕਰ ਕੇ ਅਭੈ ਪਦ ਮੋਖ ਪਦਵੀ ਦੀ ਪ੍ਰਾਪਤੀ ਕਰਾ ਦਿੰਦੇ ਹਨ।

ਚਰਨ ਕਮਲ ਮਕਰੰਦ ਰਜ ਲੇਪਨ ਕੈ ਦੀਖਿਆ ਸੀਖਿਆ ਸੰਜਮ ਕੈ ਅਉਖਦ ਖਵਾਏ ਹੈ ।

ਆਪਣਿਆਂ ਚਰਣ ਕਮਲਾਂ ਦੀ ਮਕਰੰਦ ਰੂਪੀ ਰਜ ਧੂਲੀ ਸਰੀਰ ਉਪਰ ਲੇਪਨ ਮਾਲਿਸ਼ ਕਰਵਾ ਕੇ ਬਾਹਰਲੇ ਰੋਗਾਂ ਤੋਂ ਰਹਿਤ ਕਰ ਦਿੰਦੇ ਹਨ ਅਰੁ ਦੀਖ੍ਯਾ ਬਿਧੀ ਵਤ ਨਾਮ ਉਪਦੇਸ਼ ਦਾ ਦਾਨ ਰੂਪ ਔਖਧੀ ਦ੍ਵਾਈ ਸੀਖ੍ਯਾ ਸਤਿਸੰਗ ਵਿਖੇ ਸਰਧਾ ਪ੍ਰੇਮ ਪੂਰਬਕ ਅਰਾਧਨ ਵਿਚ ਲਗਾਤਾਰ ਤਤਪਰ ਰਹਿਣ ਰੂਪ ਅਨੂਪਾਨ ਪਾਲਦਿਆਂ: ਕੁਸੰਗ, ਕੁਭੌਣੀ ਵਾ ਅਸਰਧਾ ਤਥਾ ਆਲਸ ਆਦਿ ਕੁਪੱਥ ਤੋਂ ਬਚਦੇ ਰਹਿਣਾ; ਇਸ ਭਾਂਤ ਦੀ ਸਿਖ੍ਯਾ ਸੰਜਮ ਪੂਰਬਕ ਕਮਾਨਾ ਸਿਖਾਲਦੇ ਹਨ ਮਾਨੋ ਇਹ ਦਵਾਈ ਖੁਵੌਂਦੇ ਹਨ।

ਕਰਮ ਭਰਮ ਖੋਏ ਧਾਵਤ ਬਰਜਿ ਰਾਖੇ ਨਿਹਚਲ ਮਤਿ ਸੁਖ ਸਹਜ ਸਮਾਏ ਹੈ ।੭੮।

ਅਤੇ ਇਸੇ ਪ੍ਰਕਾਰ ਹੀ ਭਰਮ ਰੂਪ ਕਮਰਾਂ ਨੂੰ ਖੋਇ ਕੇ ਭਾਵ ਭਰਮ ਭਾਵੀ ਪ੍ਰਵਿਰਤੀ ਨੂੰ ਗੁਵਾ ਕੇ ਧਾਵਨ ਬਾਸਨਾ ਅਧੀਨ ਭੱਜੇ ਜਾਂਦੇ ਮਨ ਨੂੰ ਮੋੜ ਮੋੜ ਕੇ ਉਕਤ ਸੰਜਮ ਵਿਚ ਸਾਵਧਾਨ ਰਖਣਾ ਅਰੁ ਨਿਹਚਲ ਮਤੀ ਨਿਸਚਾ ਭਰੋਸਾ ਇਸ ਔਖਧੀ ਤਥਾ ਸੰਜਮ ਉਪਰ ਰੱਖ ਕੇ, ਜੋ ਵਰਤਣਾ ਕਰੇ ਉਹ ਸਹਜ ਸੁਖ ਬ੍ਰਹਮਾ ਨੰਦ ਆਤਮ ਸੁਖ ਵਿਖੇ ਅਥਵਾ ਸਹਜ ਹੀ ਸੁਖ ਸਰੂਪ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ॥੭੮॥