ਨਗਾਰਾ ਵਜਦਾ ਹੋਯਾ ਜੀਕੂੰ ਚਾਰੋਂ ਪਾਸੀਂ ਹੀ ਸੁਣਿਆ ਜਾਯਾ ਕਰਦਾ ਹੈ; ਅਤੇ ਸਮੂਹ ਸਤਾਰਿਆਂ ਵਾ ਨੌਵਾਂ ਗ੍ਰੌਹਾਂ ਵਿਚੋਂ ਪ੍ਰਧਾਨ ਮੁਖ੍ਯ ਦੇਵਤਾ ਸੂਰਜ ਉਦਿਤ ਉਦੇ ਹੋਯਾ ਚੜ੍ਹਿਆ ਛਪਾਇਆਂ ਨਹੀਂ ਛਿਪ ਸਕ੍ਯਾ ਕਰਦਾ।
ਦਾਵਾ ਸੈ ਦੀਪਕ ਅਨ੍ਵੈ ਕਰ ਕੇ; ਬਨ ਦਗਧ ਕਰਣ ਹਾਰੀ ਦਾਵਾ ਅਗਨੀ ਤੋਂ ਦੀਪਕ ਪ੍ਰਗਾਸ ਹੋਯਾ ਅਰਥਾਤ ਦਾਵਾ ਅਗਨੀ ਦੇ ਪ੍ਰਚੰਡ ਹੋਣ ਨੂੰ ਸਾਰਾ ਸੰਸਾਰ ਹੀ ਇਧਰੋਂ ਓਧਰੋਂ ਸਭ ਕੋਈ ਹੀ ਜਾਣ ਲੈਂਦਾ ਹੈ; ਭਾਵ ਬਨ ਨੂੰ ਅੱਗ ਲਗੀ ਲੁਕੀ ਨਹੀਂ ਰਹਿ ਸਕਦੀ ਅਤੇ ਜੀਕੂੰ ਘੜੀ ਨਾਲ ਸਮੁੰਦਰ ਨੂੰ ਲੋਪ ਕਰਨਾ ਚਾਹੀਏ ਤਾਂ ਲੋਪ ਨਹੀਂ ਹੋ ਸਕਦਾ ਭਾਵ ਘੜੀ ਵਿਚ ਪਾ ਕੇ ਲੁਕਾਯਾ ਨਹੀਂ ਜਾ ਸਕਦਾ।
ਜਿਸ ਤਰ੍ਹਾਂ ਚਕ੍ਰ ਵਰਤੀ ਚੌਂਹੀ ਚੱਕੀਂ ਜਿਸ ਦਾ ਹੁਕਮ ਚਲਦਾ ਹੋਵੇ ਐਸਾ ਪੁਰਖ ਰਾਜਾ ਰਾਜ ਸਿੰਘਸਾਨ ਉਪਰ ਬੈਠ੍ਯਾ ਗੁਝਾ ਛੰਨਾ ਨਹੀਂ ਰਹਿ ਸਕਦਾ; ਚਾਹੇ ਕੋਈ ਦੇਸ ਭਰ ਵਿਚ ਹੀ ਦੁਹਾਈ ਫੇਰੇ ਡੰਡ ਪਾਵੇ; ਪਰ ਇਸ ਤਰ੍ਹਾਂ ਮੇਟਨ ਦਾ ਜਤਨ ਕਰ ਮਿਟਾਨ ਨਾਲ ਓਸ ਦਾ ਰਾਜ ਸਿੰਘਾਸਨ ਉਪਰ ਬਿਰਾਜਮਾਨ ਹੋਣਾ ਮੇਟਿਆ ਨਹੀਂ ਜਾ ਸਕ੍ਯਾ ਕਰਦਾ।
ਤਿਸੀ ਪ੍ਰਕਾਰ ਹੀ ਉਹ ਗੁਰਮੁਖਿ ਗੁਰੂ ਕਾ ਸਿੱਖ ਜਿਸ ਦੇ ਅੰਦਰ ਪਿਆਰੇ ਪ੍ਰੀਤਮ ਸਤਿਗੁਰੂ ਅੰਤਰਯਾਮੀ ਦਾ ਪ੍ਰੇਮ ਪ੍ਰਗਟ ਹੋ ਆਵੇ ਚਾਹੇ ਉਹ ਮੋਨਿ ਚੁੱਪ ਵਾਲੀ ਬਿਰਤੀ ਧਾਰਣਾ ਅਰੰਭ ਲਵੇ ਪਰ ਇਸ ਨਾਲ ਉਹ ਗੁਪਤ ਨਹੀਂ ਰਹਿ ਸਕਿਆ ਕਰਦਾ ॥੪੧੧॥