ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 498


ਅਸਨ ਬਸਨ ਸੰਗ ਲੀਨੇ ਅਉ ਬਚਨ ਕੀਨੇ ਜਨਮ ਲੈ ਸਾਧਸੰਗਿ ਸ੍ਰੀ ਗੁਰ ਅਰਾਧਿ ਹੈ ।

ਏਸ ਮਨੁੱਖ ਨੇ ਭੋਜਨ ਬਸਤ੍ਰ ਆਦਿ ਜੀਵਨ ਲਈ ਲੁੜੀਂਦੇ ਪਦਾਰਥ ਨਾਲ ਲੈ ਕੇ ਜਨਮ ਲਿਆ ਹੈ ਅਤੇ ਬਚਨ ਕੀਨੇ ਇਕਰਾਰ ਕੀਤਾ ਸੀ ਕਿ ਜੰਮ ਕੇ ਸਾਧਸੰਗਤ ਕਰਾਂਗਾ ਅਰੁ ਸ੍ਰੀ ਗੁਰੂ ਨੂੰ ਅਰਾਧਾਂਗਾ।

ਈਹਾਂ ਆਏ ਦਾਤਾ ਬਿਸਰਾਏ ਦਾਸੀ ਲਪਟਾਏ ਪੰਚ ਦੂਤ ਭੂਤ ਭ੍ਰਮ ਭ੍ਰਮਤ ਅਸਾਧਿ ਹੈ ।

ਇਥੇ ਆਣ ਕੇ ਜੰਮਦੇ ਸਾਰ ਦਾਤੇ ਭਗਵੰਤ ਨੂੰ ਅਰੁਦਾਸੀ ਮਾਯਾ ਨਾਲ ਮੋਹ ਮਾਯਾ ਦੇ ਪਦਾਰਥਾਂ ਵਿਚ ਲੰਪਟ ਹੋ ਗਿਆ ਤੇ ਭੂਤ ਸਮਾਨ ਅਸਾਧ ਨਾ ਸਾਧੇ ਜਾ ਸਕਣ ਹਾਰੇ ਪੰਜਾਂ ਦੁਸ਼ਟਾਂ ਦੇ ਭ੍ਰਮ ਭਟਕੌਣ ਨਾਲ ਭ੍ਰਮਤ ਭਟਕਨ ਲਗ ਪਿਆ ਹੈ।

ਸਾਚੁ ਮਰਨੋ ਬਿਸਾਰ ਜੀਵਨ ਮਿਥਿਆ ਸੰਸਾਰ ਸਮਝੈ ਨ ਜੀਤੁ ਹਾਰੁ ਸੁਪਨ ਸਮਾਧਿ ਹੈ ।

ਮਰਣਾ ਜੋ ਇਕ ਸੱਚੀ ਗੱਲ ਹੈ ਓਸ ਨੂੰ ਭੁਲਾਕੇ ਮਿਥਿਆ ਭਰਮ ਮਾਤ੍ਰ ਸੰਸਾਰੀ ਜੀਵਨ ਨੂੰ ਸੱਚ ਮੰਨ ਲਿਆ ਤੇ ਸੁਪਨੇ ਵਿਚ ਸਮਾਧਿ ਮਗਨ ਰਹਿ ਪਰਚ ਕੇ ਜਿੱਤ ਹਾਰ ਨੂੰ ਸਮਝਿਆ ਹੀ ਨਾ।

ਅਉਸਰ ਹੁਇ ਹੈ ਬਿਤੀਤਿ ਲੀਜੀਐ ਜਨਮੁ ਜੀਤਿ ਕੀਜੀਏ ਸਾਧਸੰਗਿ ਪ੍ਰੀਤਿ ਅਗਮ ਅਗਾਧਿ ਹੈ ।੪੯੮।

ਤਾਂ ਤੇ ਅਉਸਰ ਸਮਾਂ ਉਮਰਾ ਬੀਤੀ ਜਾ ਰਹੀ ਹੈ ਜਨਮ ਨੂੰ ਜਿੱਤ ਲਵੋ ਅਜਾਈਂ ਨਾ ਗੁਵਾਓ ਅਰੁ ਅਗਮ ਅਗਾਧ ਮਹਾਂ ਗੰਭੀਰ ਸਰੂਪ ਸਾਧ ਸੰਗਤ ਨਾਲ ਪ੍ਰੀਤੀ ਕਰੋ ॥੪੯੮॥


Flag Counter