ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 375


ਜੈਸੇ ਮਛ ਕਛ ਬਗ ਹੰਸ ਮੁਕਤਾ ਪਾਖਾਨ ਅੰਮ੍ਰਿਤ ਬਿਖੈ ਪ੍ਰਗਾਸ ਉਦਧਿ ਸੈ ਜਾਨੀਐ ।

ਜਿਸ ਭਾਂਤ ਮੱਛ, ਕੱਛੂਕੁੰਮੇ; ਬਗਲੇ; ਹੰਸ; ਮੋਤੀ; ਪੱਥਰ; ਸੰਖ ਆਦਿ ਅੰਮ੍ਰਿਤ ਅਤੇ ਵਿਹੁ ਇਨਾਂ ਸਭਨਾਂ ਵਸਤੂਆਂ ਦਾ ਪ੍ਰਗਾਸ = ਪ੍ਰਗਟ ਹੋਣ ਸਮੁੰਦ੍ਰ ਤੋਂ ਜਾਨੀਐ ਪ੍ਰਸਿਧ ਹੈ।

ਜੈਸੇ ਤਾਰੋ ਤਾਰੀ ਤਉ ਆਰਸੀ ਸਨਾਹ ਸਸਤ੍ਰ ਲੋਹ ਏਕ ਸੇ ਅਨੇਕ ਰਚਨਾ ਬਖਾਨੀਐ ।

ਜਿਸ ਪ੍ਰਕਾਰ ਤਉ ਫੇਰ ਤਾਲਾ ਜੰਦ੍ਰਾ ਤੇ ਤਾਲੀ ਚਾਬੀ ਆਰਸੀ ਸ਼ੀਸ਼ਾ ਵਾ ਲੋਹਾ ਮਣੀ ਫੁਲਾਦ ਸੰਜੋਆ ਕਵਚ ਤਥਾ ਸ਼ਸਤ੍ਰ ਇਹ ਸਭ ਪਦਾਰਥ ਇਕੋ ਲੋਹੇ ਦੀ ਅਨੇਕ ਰਚਨਾ ਰੂਪ ਆਖੇ ਜਾਂਦੇ ਹਨ।

ਭਾਂਜਨ ਬਿਬਿਧਿ ਜੈਸੇ ਹੋਤ ਏਕ ਮਿਰਤਕਾ ਸੈ ਖੀਰ ਨੀਰ ਬਿੰਜਨਾਦਿ ਅਉਖਦ ਸਮਾਨੀਐ ।

ਜਿਸ ਤਰ੍ਹਾਂ ਇਕੋ ਹੀ ਮਿੱਟੀ ਤੋਂ ਅਨੰਤ ਪ੍ਰਕਾਰ ਦੇ ਭਾਂਡੇ ਬਣਦੇ ਹਨ, ਅਤੇ ਦੁੱਧ ਪਾਣੀ ਤਥਾ ਬਿੰਜਨਾਦਿ ਭੋਜਨ ਆਦਿ ਸ੍ਵਾਦੀਕ ਸਵਤੂਆਂ ਅਰੁ ਅਉਖਧਿ ਜੜ੍ਹੀ ਬੂਟੀਆਂ ਵਾ ਅੰਨ ਆਦਿ ਬਨਸਪਤੀਆਂ ਭੀ ਸਭ ਇਸੇ ਧਰਤੀ ਵਿਚੋਂ ਹੀ ਸਮਾਨੀਐ = ਸਮ+ਆਨੀਐ ਇਕ ਸਮ ਓਕੂੰ ਹੀ ਪ੍ਰਗਟ ਹੋਯਾ ਕਰਦੀਆਂ ਹਨ।

ਤੈਸੇ ਦਰਸਨ ਬਹੁ ਬਰਨ ਆਸ੍ਰਮ ਧ੍ਰਮ ਸਕਲ ਗ੍ਰਿਹਸਤੁ ਕੀ ਸਾਖਾ ਉਨਮਾਨੀਐ ।੩੭੫।

ਤਿਸੀ ਪ੍ਰਕਾਰ ਹੀ ਬਹੁਤ ਪ੍ਰਕਾਰ ਦੇ ਮਤ ਮਤਾਂਤਰ ਭਾਵੀ ਦਰਸ਼ਨ ਅਰੁ ਚਾਰੋਂ ਬਰਨ ਤਥਾ ਚਾਰੋਂ ਆਸ਼੍ਰਮ ਸੋਭ ਦੇ ਸਭ ਹੀ ਇਕ ਗ੍ਰਹਸਥ ਮਾਤ੍ਰ ਦੀਆਂ ਸ਼ਾਖਾਂ ਹੀ ਸਮਝੋ ॥੩੭੫॥


Flag Counter