ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 461


ਆਨ ਹਾਟ ਕੇ ਹਟੂਆ ਲੇਤ ਹੈ ਘਟਾਇ ਮੋਲ ਦੇਤ ਹੈ ਚੜਾਇ ਡਹਕਤ ਜੋਈ ਆਵੈ ਜੀ ।

ਹੋਰਨਾਂ; ਹੱਟੀਆਂ ਦੇ ਹਟਵਾਣੀਏ, ਲੈਂਦੇ ਤਾਂ ਹਨ ਸੌਦਾ ਮੁੱਲ ਘਟਾ ਕੇ ਪਰ ਜਿਹੜਾ ਕੋਈ ਡਹਕਤ ਲੋੜਵੰਦ ਖ੍ਰੀਦਦਾਰ ਆ ਜਾਵੇ ਤਾਂ ਮੁੱਲ ਚੜ੍ਹਾ ਕੇ ਦਿੱਤਾ ਕਰਦੇ ਹਨ।

ਤਿਨ ਸੈ ਬਨਜ ਕੀਏ ਬਿੜਤਾ ਨ ਪਾਵੈ ਕੋਊ ਟੋਟਾ ਕੋ ਬਨਜ ਪੇਖਿ ਪੇਖਿ ਪਛੁਤਾਵੈ ਜੀ ।

ਤਿਨਾਂ ਐਹੋ ਜਿਹਾਂ ਨਾਲ ਵਪਾਰ ਕੀਤਿਆਂ ਬਿੜਤਾ ਕਿਰਸੀ ਲੱਤ ਖੱਟੀ ਕਿਸੇ ਨੂੰ ਨਹੀਂ ਪ੍ਰਾਪਤ ਹੋਯਾ ਕਰਦੀ; ਜਿਹੜਾ ਕੋਈ ਸੋਦਾ ਖ੍ਰੀਦ ਬੈਠੇ ਓੜਕ ਨੂੰ ਟੋਟੇ ਵਾਲਾ ਦੇਖ ਦੇਖ, ਪਿਆ ਮਨ ਵਿਚ ਪਛੁਤਾਯਾ ਕਰਦਾ ਹੈ।

ਕਾਠ ਕੀ ਹੈ ਏਕੈ ਬਾਰਿ ਬਹੁਰਿਓ ਨ ਜਾਇ ਕੋਊ ਕਪਟ ਬਿਉਹਾਰ ਕੀਏ ਆਪਹਿ ਲਖਾਵੈ ਜੀ ।

ਪਰ ਜਿਸ ਤਰ੍ਹਾਂ ਕਾਠ ਦੀ ਹਾਂਡੀ ਕੋਈ ਇਕੋ ਵਾਰ ਹੀ ਚੜ੍ਹਾ ਸਕਦਾ ਹੈ; ਕਪਟ ਦਾ ਵਿਹਾਰ ਆਪ ਤੇ ਆਪ ਹੀ ਪਿਆ ਲਖਾਇਆ ਸਭ ਨੂੰ ਜਣਾਯਾ ਕਰਦਾ ਹੈ; ਭਾਵ ਲੁਕਿਆ ਨਹੀਂ ਰਹਿ ਸਕਦਾ। ਬੱਸ! ਇਹ ਹਾਲ ਹੈ ਆਨ ਦੇਵ ਸੇਵ ਦਾ।

ਸਤਿਗੁਰ ਸਾਹ ਗੁਨ ਬੇਚ ਅਵਗੁਨ ਲੇਤ ਸੁਨਿ ਸੁਨਿ ਸੁਜਸ ਜਗਤ ਉਠਿ ਧਾਵੈ ਜੀ ।੪੬੧।

ਸਤਿਗੁਰੂ ਦੇਵ ਐਸੇ ਪੂਰਨ ਸ਼ਾਹ ਹਨ ਜੋ ਗੁਣਾਂ ਨੂੰ ਤਾਂ ਅਪਣੇ ਪਾਸੋਂ ਬੇਚਦੇ ਦਿੰਦੇ ਹਨ; ਤੇ ਲੈਂਦੇ ਹਨ ਮੁੱਲ ਵਜੋਂ ਸਿਖ ਖ੍ਰੀਦਾਰ ਦੇ ਔਗੁਣਾਂ ਨੂੰ ਜਿਸ ਕਰ ਕੇ ਓਨਾਂ ਸੁਜਸ ਸੁਕੀਰਤੀ ਸੁਣ ਸੁਣ ਕੇ ਸਾਰਾ ਜਗਤ ਹੀ ਓਨਾਂ ਵੱਲ ਉਠ ਉਠ ਦੌੜਿਆ ਔਂਦਾ ਹੈ ॥੪੬੧॥


Flag Counter