ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 112


ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੁਇ ਉਨਮਨ ਉਨਮਤ ਬਿਸਮ ਬਿਸ੍ਵਾਸ ਹੈ ।

ਪ੍ਰੇਮ ਰਸ ਅੰਮ੍ਰਿਤ ਨਿਧਾਨ ਪਾਨ ਪੂਰਨ ਹੁਇ ਅੰਮ੍ਰਿਤ ਭੰਡਾਰ ਵਿਚੋਂ ਪ੍ਰੇਮ ਰਸ ਨੂੰ ਪਾਨ ਕਰ ਕੇ ਪੀ ਕੇ ਜੋ ਪੂਰਨ ਤ੍ਰਿਪਤ ਹੋ ਗਏ। ਉਹ ਉਨਮਨੀ ਅਵਸਥਾ ਵਿਖੇ ਉਨਮੱਤ ਮਗਨ ਮਸਤ ਰਹਿੰਦੇ ਹਨ ਅਤੇ ਓਨਾਂ ਦਾ ਬਿਸ੍ਵਾਸ ਭਰੋਸਾ ਨਿਸਚਾ ਬਿਸਮ ਅਚਰਜ ਰੂਪ ਬਹੁਤ ਪੱਕਾ ਹੁੰਦਾ ਹੈ।

ਆਤਮ ਤਰੰਗ ਬਹੁ ਰੰਗ ਅੰਗ ਅੰਗ ਛਬਿ ਅਨਿਕ ਅਨੂਪ ਰੂਪ ਊਪ ਕੋ ਪ੍ਰਗਾਸ ਹੈ ।

ਆਤਮ ਤਰੰਗ ਬਹੁ ਰੰਗ ਅਨੰਤ ਭਾਂਤ ਦੀਆਂ ਭਾਂਤ ਭਾਂਤ ਦੀਆਂ ਆਤਮ ਤਰੰਗਾਂ ਆਤਮਿਕ ਮੌਜਾਂ ਹੁਲਾਰੇ ਵਾ ਚਮਤਕਾਰ ਅੰਦਰ ਉਤਪੰਨ ਹੋਣ ਕਰ ਕੇ ਅੰਗ ਅੰਗ ਛਬਿ ਓਨਾਂ ਦੇ ਅੰਗ ਅੰਗ ਦੀ ਸ਼ੋਭਾ ਅਨਿਕ ਅਨੂਭ ਰੂਪ ਊਪ ਕੋ ਪ੍ਰਗਾਸ ਹੈ ਭਾਵ ਓਨਾਂ ਦਾ ਤੇਜ ਪ੍ਰਤਾਪ ਅਜਬ ਅਜੈਬ ਤਰਾਂ ਦਾ ਹੋ ਦਮਕਦਾ ਹੈ।

ਸ੍ਵਾਦ ਬਿਸਮਾਦ ਬਹੁ ਬਿਬਿਧਿ ਸੁਰਤ ਸਰਬ ਰਾਗ ਨਾਦ ਬਾਦ ਬਹੁ ਬਾਸਨਾ ਸੁਬਾਸ ਹੈ ।

ਸ੍ਵਾਦ ਬਿਸਮਾਦ ਬਹੁ ਇਸ ਪ੍ਰਕਾਰ ਦੇ ਅਨੁਭਵ ਤੋਂ ਜੋ ਸ੍ਵਾਦ ਰਸ ਓਨ੍ਹਾਂ ਨੂੰ ਆਯਾ ਕਰਦਾ ਹੈ ਉਹ ਬਹੁਤ ਹੈਰਾਨ ਕਰਨ ਵਾਲਾ ਹੁੰਦਾ ਹੈ ਸੁਰਤਿ ਅਤੇ ਅਨੇਕ ਪ੍ਰਕਾਰ ਦੀ ਸੁਰਤਿ ਸ੍ਰੋਦ ਨਾਦ ਧੁਨੀ ਅਨਹਦ ਧੁਨੀਆਂ ਸੁਣਿਆ ਕਰਦੇ ਹਨ, ਜਿਨਾਂ ਦੇ ਅਗੇ ਸਰਬ ਰਾਗ ਨਾਦ ਬਾਦ ਸਭ ਪ੍ਰਕਾਰ ਦੇ ਹੀ ਰਾਗ ਅਰੁ ਨਾਦ ਬਾਜਿਆਂ ਦੀਆਂ ਧੁਨੀਆਂ ਬਦਾ ਬ੍ਯਰਥ ਭਾਸਿਆ ਕਰਦੀਆਂ ਹਨ, ਐਸਾ ਹੀ ਬਹੁ ਬਾਸਨਾ ਸੁਬਾਸ ਹੈ ਸ੍ਰੇਸ਼ਟ ਸੁਗੰਧੀ ਭੀ ਬਹੁ ਅਨੰਤ ਪ੍ਰਕਾਰੀ ਬਾਸਨਾ ਦੀ ਉਸ ਦੇ ਅੰਦਰ ਮਹਿਕਾਰ ਵਿਸਤਾਰਦੀ ਹੈ।

ਪਰਮਦਭੁਤ ਬ੍ਰਹਮਾਸਨ ਸਿੰਘਾਸਨ ਮੈ ਸੋਭਾ ਸਭਾ ਮੰਡਲ ਅਖੰਡਲ ਬਿਲਾਸ ਹੈ ।੧੧੨।

ਪਰਮਦਭੁਤ ਬ੍ਰਹਮਾਸਨ ਸਿੰਘਾਸਨ ਮੈ ਬ੍ਰਹਮ ਦੇ ਆਸਨ ਪਰਮਾਤਮਾ ਦੀ ਇਸਥਿਤੀ ਦਾ ਸਿੰਘਾਸਨ ਰੂਪ ਦਸਮ ਦੁਆਰ ਵਿਖੇ ਸੋਭਾ ਸਭਾ ਮੰਡਲ ਕੀ ਸਮੂੰਹ ਮੰਡਲਾਂ ਦਿਬ੍ਯ ਲੋਕ ਲੋਕਾਂਤਰ੍ਹਾਂ ਦੀ ਸ਼ੋਭਾ ਪਰਮਦਭੁਤ ਪਰਮ ਅਨੋਖੀ ਭਾਂਤ ਦੀ ਦਮਕਦੀ ਹੈ, ਜਿੱਥੇ ਉਹ ਅਖੰਡਲ ਬਿਲਾਸ ਹੈ ਇਕ ਰਸ ਬਿਲਾਸ ਆਨੰਦ ਨੂੰ ਮਾਣਦੇ ਰਹਿੰਦੇ ਹਨ ॥੧੧੨॥