ਜਿਸ ਅੰਤ੍ਰਯਾਮੀ ਸਤਿਗੁਰੂ ਦੇ ਇੱਕ ਤੋਂ ਇੱਕ ਚੜ੍ਹਦੀਆਂ ਅਨੇਕਾਂ ਅਨਗਿਣਤ ਹੀ ਤਨ ਮਨ ਧਨ ਕਰ ਕੇ ਸਭ ਤਰ੍ਹਾਂ ਹੀ ਉਸ ਦੀ ਅਧੀਨਗੀ ਅਰੁ ਆਗਿਆ ਵਿਚ ਵਰਤਨ ਹਾਰੀਆਂ ਸਿੱਖ ਰੂਪ ਨਾਇਕਾ ਇਸਤ੍ਰੀਆਂ ਹਨ ਭਾਵ ਬਿਧੀ ਪੂਰਬਕ ਸਿੱਖ ਸਜੀਆਂ ਹੋਈਆਂ ਵ੍ਯਕ੍ਤੀਆਂ ਹਨ। ਜਿਨਾਂ ਉਪਰ ਦੀਨਾਂ ਦੇ ਦਯਾਲ ਗ੍ਰੀਬ ਨਿਵਾਜ ਕ੍ਰਿਪਾਲੂ ਹੋ ਕੇ ਕਿਰਪਾ ਦੇ ਘਰ ਵੱਸ ਕੇ ਤੁੱਠੇ, ਅਰਥਾਤ ਓਨ੍ਹਾਂ ਨੂੰ ਅਪਣਾਇਆ ਤੇ ਅੱਜ ਓਸੇ ਹੀ ਮੇਰੇ ਉਪਰ ਭੀ ਕਿਰਪਾ ਕੀਤੀ ਹੈ।
ਸੋਈ ਸਜਨੀ ਸਜਨ ਭਾਵ ਪ੍ਰਾਪਤ ਸੁ+ਜਨੀ ਆਪਦੀ ਅਪਣਾਈ ਹੋਈ ਇਹ ਸੂਰਤ ਆਪਦਾ ਸਿੱਖ ਚਾਨਣੀ ਰਾਤ ਮਿਟਿਆ ਅਨ੍ਹੇਰਾ ਚੰਨ ਚੜ੍ਹਿਆ ਅਗਿਆਨ ਅੰਧਕਾਰ ਨਿਵਿਰਤੀ ਦਾ ਕਾਰਣ ਦੀਖਯਾ ਪ੍ਰਾਪਤ ਹੋਣ ਦੀ ਰਾਤ ਅਨੁਭਵੀ ਦਸ਼ਾ ਦੇ ਖਿੜਿਆਂ ਪ੍ਰੇਮ ਰਸ ਵਾ ਭਜਨ ਦੇ ਆਨੰਦ ਮਾਨਣ ਸਮੇਂ ਗ੍ਰੀਬੀ ਭਾਵ ਸੰਪੰਨ ਇਸਤ੍ਰੀ ਸਮਾਨ ਬੁਧ ਬਲ ਆਦਿ ਦਾ ਗੁਮਾਨ ਤਿਆਗ ਕੇ ਮਾਨ ਅਭਿਮਾਨ ਨੂੰ ਵਿਸਾਰ ਸੇਵਕ ਭਾਵ ਨੂੰ ਅੰਦਰ ਧਾਰ ਕੇ ਇਸ ਪ੍ਰਕਾਰ ਬੇਨਤੀ ਉਚਾਰਦੀ ਹੈ ਕਿ ਹੇ ਸੱਚੇ ਸਾਂਈ ਸਤਿਗੁਰ ਪਾਤਿਸ਼ਾਹ!
ਜਿਸ ਜਿਸ ਪ੍ਰਕਾਰ ਜੋ ਜੋ ਆਪ ਦੀ ਆਗਿਆ ਹੋਵੇ ਉਸੇ ਉਸੇ ਪ੍ਰਕਾਰ ਉਹੀ ਉਹੀ ਮੰਨੀ ਹੋਈ ਹੀ ਜਾਣੋ, ਕ੍ਯੋਂਕਿ ਮੈਂ ਹਰਦਮ ਆਪ ਦੇ ਅਗਭਾਗਿ ਸਨਮੁਖ ਹੱਥ ਜੋੜੀ ਹੱਥੀਂ ਬੱਧੀਂ। ਆਗਿਅਕਾਰੀ ਗੁਲਾਮ ਸੇਵਕ ਹੋ ਰਿਹਾ ਹਾਂ।
ਹੇ ਮਹਾਰਾਜ! ਭੌਣੀ ਸਰਧਾ ਅਰੁ ਭਰੋਸੇ ਤਥਾ ਭਗਤੀ ਭਾਵ ਭਰੇ ਚਾਉ ਨਾਲ, ਚਈਲੋ ਚਾਈਂ ਚਾਈਂ ਉਤਸਾਹ ਵਾ ਉਮੰਗ ਪੂਰਬਕ ਮੈਂ ਆਪ ਤਾਈਂ ਭਜਉ ਭਜਾਂ ਸੇਵਾਂਗਾ, ਨਾ ਕਿ ਚੱਟੀ ਯਾ ਡੰਨ ਭਰਦਾ ਹੋਯਾ ਕ੍ਯੋਂਜੁ ਧੰਨਿ ਹੈ ਆਜ ਅੱਜ ਦਾ ਦਿਹਾੜਾ, ਇਹ ਜਨਮ ਜਦਕਿ ਮੇਰੀ ਵਾਰੀ ਭੀ ਅਨੰਤ ਜਨਮਾਂ ਦੇ ਗੇੜ ਉਪ੍ਰੰਤ ਜਨਮ ਸਫਲਾਨ ਦੀ ਆਈ ਹੈ। ਜੈਸਾ ਕਿ: ਇਹ ਜੀਉ ਬਹੁਤੇ ਜਨਮ ਭ੍ਰਮਿਆ ਤਾ ਸਤਿਗੁਰ ਸਬਦ ਸੁਣਾਇਆ ॥੨੧੨॥