ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 259


ਗੁਰਮੁਖਿ ਮਾਰਗ ਹੁਇ ਧਾਵਤ ਬਰਜਿ ਰਾਖੇ ਸਹਜ ਬਿਸ੍ਰਾਮ ਧਾਮ ਨਿਹਚਲ ਬਾਸੁ ਹੈ ।

ਗੁਰਮੁਖੀ ਮਾਰਗ ਵਿਖੇ ਜੋ ਆਨ ਪ੍ਰਾਪਤ ਹੁੰਦੇ ਹਨ, ਉਹ ਅਪਣੇ ਮਨ ਨੂੰ ਬਾਹਰਮੁਖੀ ਭਟਕਨਾ ਵਲੋਂ ਵਰਜਕੇ ਹੋੜਕੇ ਰਖਦੇ ਹਨ; ਤੇ ਇਸੇ ਕਰ ਕੇ ਹੀ ਓਨ੍ਹਾਂ ਨੂੰ ਸਹਜਿ ਧਾਮ ਸਹਿਜ ਪਦ ਵਿਖੇ ਬਿਸ੍ਰਾਮ ਇਸਥਿਤੀ ਪ੍ਰਾਪਤ ਹੋ ਜਾਂਦੀ ਹੈ, ਅਰੁ ਇਸੇ ਪਦ ਵਿਖੇ ਉਹ ਅਚੱਲ ਨਿਵਾਸ ਕੀਤੀ ਰਖਦੇ ਹਨ।

ਚਰਨ ਸਰਨਿ ਰਜ ਰੂਪ ਕੈ ਅਨੂਪ ਊਪ ਦਰਸ ਦਰਸਿ ਸਮਦਰਸਿ ਪ੍ਰਗਾਸੁ ਹੈ ।

ਗੁਰੂ ਮਹਾਰਜ ਦੇ ਚਰਣਾਂ ਦੀ ਸਰਣ ਵਿਚੋਂ ਰਜ ਧੂਲੀ ਉਨ੍ਹਾਂ ਦੀ ਪ੍ਰਾਪਤ ਹੋਣ ਕਰ ਕੇ ਅਥਵਾ ਸਤਿਗੁਰਾਂ ਦੀ ਸਰਣ ਪ੍ਰਾਪਤ ਹੋ ਚਰਣਾਂ ਦੀ ਰਜ ਰੂਪ ਨੰਮ੍ਰ ਭਾਵੀ ਬਣੇ ਰਹਿਣ ਕਰ ਕੇ, ਓਨਾਂ ਗੁਰਮੁਖਾਂ ਨੂੰ ਅਨੂਪਮ ਉਪਮਾ ਵਾਲੇ ਰੂਪ ਤੇਜ ਪ੍ਰਾਕ੍ਰਮ ਦੀ ਪ੍ਰਾਪਤੀ ਹੋ ਔਂਦੀ ਹੈ। ਅਰੁ ਐਸਾ ਹੀ ਸਤਿਗੁਰਾਂ ਦੇ ਦਰਸ਼ਨ ਨੂੰ ਦਰਸਿ ਦੇਖਣ ਕਾਰਣ ਓਨਾਂ ਦੇ ਅੰਦਰ ਸਮਦਰਸ ਬ੍ਰਹਮ ਦਰਸ਼ਨ ਬ੍ਰਹਮ ਸਰੂਪ ਦਾ ਸਾਖ੍ਯਾਤਕਾਰ ਰੂਪ ਅਨੁਭਵ ਪ੍ਰਗਾਸ ਹੋ ਔਂਦਾ ਹੈ।

ਸਬਦ ਸੁਰਤਿ ਲਿਵ ਬਜਰ ਕਪਾਟ ਖੁਲੇ ਅਨਹਦ ਨਾਦ ਬਿਸਮਾਦ ਕੋ ਬਿਸਵਾਸੁ ਹੈ ।

ਸ਼ਬਦ ਗੁਰ ਸ਼ਬਦ ਰੂਪ ਮੰਤ੍ਰ ਵਿਖੇ ਸੁਰਤ ਦੀ ਲਿਵ ਲੱਗ ਕੇ ਬਜ੍ਰ ਹੀਰੇ ਵਤ ਅਨਭੇਦ ਕਿਵਾੜ ਜੋ ਜਨਮ ਜਨਮਾਂਤ੍ਰਾਂ ਦੇ ਜਕੜੇ ਹੋਏ ਅਗਿਆਨ ਦੇ ਪੜਦੇ ਹਨ, ਉਹ ਖੁੱਲ ਜਾਂਦੇ ਦੂਰ ਹੋ ਜਾਂਦੇ ਹਨ ਅਤੇ ਅਨਹਦ ਧੁਨੀ ਨਾਮ ਦੀ ਸੁਤੇ ਤਾਰ ਬਝ ਪੈਣ ਤੇ ਪ੍ਰਗਟ ਹੋਣ ਹਾਰੀ ਅਜਗੈਬੀ ਅਗੰਮੀ ਅਵਾਜ਼ ਨੂੰ ਸੁਣ ਸੁਣ ਕੇ ਬਿਸਮਾਦ ਅਚਰਜ ਮਈ ਅਨੁਭਵੀ ਅਵਸਥਾ ਦਾ ਨਿਸਚਾ ਹੋ ਔਂਦਾ ਹੈ ਭਾਵ, ਸਾਮਰਤੱਖ ਅਨੁਭਵ ਪ੍ਰਾਪਤ ਹੋ ਆਇਆ ਕਰਦਾ ਹੈ।

ਅੰਮ੍ਰਿਤ ਬਾਨੀ ਅਲੇਖ ਲੇਖ ਕੇ ਅਲੇਖ ਭਏ ਪਰਦਛਨਾ ਕੈ ਸੁਖ ਦਾਸਨ ਕੇ ਦਾਸ ਹੈ ।੨੫੯।

ਅਲੇਖ ਰੂਪ ਐਸੀ ਅੰਮ੍ਰਿਤ ਬਾਣੀ ਨੂੰ ਲੇਖ ਕੈ ਅਨੁਭਵ ਰੂਪ ਲੇਖੇ ਵਿਚ ਕਰਦੇ ਭਾਵ ਲ੍ਯੌਂਦੇ ਹੋਏ, ਉਹ ਅਲੇਖ ਰੂਪ ਹੀ ਹੋ ਜਾਂਦੇ ਹਨ ਅਰਥਾਤ ਚਿਤ੍ਰ ਗੁਪਤ ਆਦਿ ਦੇ ਲੇਖ੍ਯੋਂ ਪਾਰ ਹੋ ਜਾਂਦੇ ਹਨ। ਐਹੋ ਜੈਸਿਆਂ ਦਾਸਾਂ ਦੇ ਦਾਸਾਂ ਗੁਰਮੁਖਾਂ ਦੀ ਪ੍ਰਦੱਖਣਾ ਪ੍ਰਕਰਮਾ ਕਰਨ ਕਰ ਕੇ ਸੁਖ ਪਰਮਾਨੰਦ ਦੀ ਪ੍ਰਾਪਤੀ ਮਨੁਖਾਂ ਨੂੰ ਹੁੰਦੀ ਹੈ ॥੨੫੯॥


Flag Counter