ਕਦੇ ਚੰਦ੍ਰਮਾਂ ਨੂੰ ਚਕੋਰ ਦੇ ਦੇਖਣ ਵਾਂਗੂ ਮੈਨੂੰ ਲਗਾਤਾਰ ਦਰਸ਼ਨ ਹੁੰਦੇ ਸਨ; ਇਕ ਪਲ ਵੀ ਨਹੀਂ ਲਗਦੀ; ਪਰ ਹੁਣ ਸੁਪਨੇ ਵਿਚ ਭੀ ਪਿਆਰੇ ਜੀ ਦਰਸ਼ਨ ਨਹੀਂ ਦਿਖਾਉਂਦੇ।
ਤਦੋਂ ਅੰਮ੍ਰਿਤ ਬਚਨਾਂ ਦੀ ਧੁਨੀ ਪ੍ਰਤੱਖ ਹੀ ਸੁਣੀਦੀ ਸੀ; ਹੁਣ ਉਸ ਮੁਖ ਦੇ ਸੁਨੇਹੇ ਰਾਹੀਆਂ ਤੋਂ ਭੀ ਨਹੀਂ ਪਾਈਦੇ।
ਸੇਜਾ ਤੇ ਮਿਲਾਪ ਵੇਲੇ ਤਦੋਂ ਗਲੇ ਵਿਚ ਹਾਰ ਭੀ ਨਹੀਂ ਸੀ ਸਮਾਉਂਦੇ ਹੁਣ ਅਨੇਕ ਪਹਾੜ ਵਿਚਾਲੇ ਉਹਲਾ ਬਣ ਖੜੋਤੇ ਹਨ; ਕਿਵੇਂ ਟੱਪ ਕੇ ਜਾਈਏ।
ਤਦੋਂ ਗਿਆਨ ਰੂਪੀ ਸੰਜੋਗ ਤੇ ਵਾਹਿਗੁਰੂ ਮਿਲਾਪ ਰੂਪੀ ਭੋਗ ਦੇ ਆਨੰਦ ਦਾ ਪ੍ਰਤਾਪ ਪ੍ਰਾਪਤ ਸੀ; ਹੁਣ ਬਿਰਹ ਤੇ ਵਿਛੋੜੇ ਦੇ ਰੋਗ ਦੇ ਸੋਗ ਵਿਚ ਵਿਲਲਾ ਰਹੀ ਹਾਂ ॥੬੭੦॥