ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 540


ਸਿੰਮ੍ਰਿਤਿ ਪੁਰਾਨ ਕੋਟਾਨਿ ਬਖਾਨ ਬਹੁ ਭਾਗਵਤ ਬੇਦ ਬਿਆਕਰਨ ਗੀਤਾ ।

ਸਿੰਮ੍ਰਤੀਆਂ, ਪੁਰਾਣ, ਭਾਗਵਤ; ਚਾਰੋਂ ਬੇਦ, ਵ੍ਯਾਕਰਣ ਸ਼ਬਦ ਸ਼ਾਸਤ੍ਰ ਅਰੁ ਭਗਵਤ ਗੀਤਾ ਆਦਿ ਦ੍ਵਾਰੇ।

ਸੇਸ ਮਰਜੇਸ ਅਖਲੇਸ ਸੁਰ ਮਹੇਸ ਮੁਨ ਜਗਤੁ ਅਰ ਭਗਤਿ ਸੁਰ ਨਰ ਅਤੀਤਾ ।

ਸ਼ੇਖ ਨਾਗ, ਧਰਮ ਰਾਜ, ਕੁਬੇਰ, ਦੇਵਤੇ, ਮਹੇਸ਼੍ਵਰ ਸ਼ਿਵਜੀ ਸੱਤੇ ਮੁਨੀ ਨਾਰਦਾਦਿਕ, ਐਸੇ ਜਗਤ ਜਗਤ ਭਰ ਦੇ ਮੁਖੀਏ ਲੋਕ ਪਾਲ ਅਤੇ ਦੇਵਤੇ ਅਰ ਮਨੁੱਖ ਜੋ ਭਗਤ ਭਗਤ ਭਗਤ ਕਹੌਣ ਵਾਲੇ ਹਨ, ਤਥਾ ਅਤੀਤਾ ਦੱਤਾਤ੍ਰੇਯ ਸੁਕਦੇਵ ਆਦਿ ਜੋ ਅਤੀਤ ਵਿਰਕਤ ਲੋਗ ਹਨ।

ਗਿਆਨ ਅਰ ਧਿਆਨ ਉਨਮਾਨ ਉਨਮਨ ਉਕਤਿ ਰਾਗ ਨਾਦਿ ਦਿਜ ਸੁਰਮਤਿ ਨੀਤਾ ।

ਹੋਰ ਭੀ ਗਿਆਨ ਸਭ ਭਾਂਤ ਦੀ ਸ੍ਯਾਣਪ ਵਾ ਵਿਦ੍ਯਾਵਾਂ ਅਤੇ ਧਿਆਨ ਅੰਦਰ ਬਾਹਰ ਦੇ ਸਮੂਹ ਚਿਤਵਨ ਵਾ ਸੋਚਨ ਵਿਚਾਰਨ ਦਾ ਬਲ, ਉਨਮਾਨ ਸੋਚ ਵਿਚਾਰ ਕੇ ਕੱਢੇ ਹੋਏ ਸਿੱਟੇ ਸਭ ਭਾਂਤ ਦੇ ਥਾਪੇ ਗਏ ਨਿਸਚੇ ਉਨਮਨ ਉਕਤਿ ਅਨੁਭਵੀ ਕਲਪਨਾ, ਛੀਏ ਰਾਗ, ਰਾਗਾਂ ਦੇ ਨਾਦ ਸੱਤੇ ਸੁਰਾਂ, ਬ੍ਰਾਹਮਣ ਦੇਵਤੇ ਬ੍ਰਹਸਪਤੀ ਦੇ ਸ਼ੁਕ੍ਰ ਜੀ ਅਰੁ ਸੁਰਮਤਿ ਸ੍ਰਸ੍ਵਤੀ ਦੇਵੀ, ਕੋਟਾਨਿ ਬਖਾਨ ਬਹੁ ਨੀਤ ਕ੍ਰੋੜਾਂ ਕ੍ਰੋੜਾਂ ਹੋ ਕੇ ਨਿੱਤ ਹੀ ਜੇਕਰ ਪਏ ਵਰਤਨ ਕਰਨ ਤਾਂ:

ਅਰਧ ਲਗ ਮਾਤ੍ਰ ਗੁਰ ਸਬਦ ਅਖਰ ਮੇਕ ਅਗਮ ਅਤਿ ਅਗਮ ਅਗਾਧਿ ਮੀਤਾ ।੫੪੦।

ਗੁਰ ਸ਼ਬਦ ਦੇ ਇਕ ਅੱਖਰ ਦੀ ਅੱਧੀ ਲਗ ਮਾਤ੍ਰਾਂ ਭੀ ਹੇ ਮਿਤ੍ਰੋ! ਅਗੰਮ ਤੋਂ ਅਤ੍ਯੰਤ ਅਗੰਮ ਰੂਪ ਤਥਾ ਅਗਾਧ ਹੈ ਲਗਾਤਾਰ ਜੁਟ ਕੇ ਭੀ ਇਹ ਸਾਰੇ, ਗੁਰ ਸ਼ਬਦ ਦੇ ਮਰਮ ਨੂੰ ਨਹੀਂ ਵਰਨਣ ਕਰ ਸਕਦੇ ॥੫੪੦॥


Flag Counter