ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 124


ਖਾਂਡ ਘ੍ਰਿਤ ਚੂਨ ਜਲ ਪਾਵਕ ਇਕਤ੍ਰ ਭਏ ਪੰਚ ਮਿਲਿ ਪ੍ਰਗਟ ਪੰਚਾਮ੍ਰਤ ਪ੍ਰਗਾਸ ਹੈ ।

ਖੰਡ, ਘਿਓ ਚੂਨ, ਆਟਾ ਮੈਦਾ ਜਲ ਅਗਨੀ ਇਹ ਅੱਡੋ ਅੱਡ ਹੁੰਦੇ ਹੋਏ ਜਦ ਇਕਤ੍ਰ ਭਏ ਇੱਕੋ ਟਿਕਾਣੇ ਹੋ ਕੇ, ਪੰਚ ਮਿਲਿ ਇੱਕ ਰੂਪ ਹੋ ਜਾਂਦੇ ਹਨ ਤਾਂ ਪੰਚਾਮ੍ਰਿਤ ਪ੍ਰਗਾਸ ਹੈ ਪ੍ਰਚਾਮ੍ਰਿਤ ਨਾਮੀ ਕੜਾਹ ਪ੍ਰਸਾਦ ਪ੍ਰਗਟ ਹੋ ਔਂਦਾ ਹੈ ਤ੍ਯਾਰ ਹੋ ਜਾਂਦਾ ਹੈ।

ਮ੍ਰਿਗਮਦ ਗਉਰਾ ਚੋਆ ਚੰਦਨ ਕੁਸਮ ਦਲ ਸਕਲ ਸੁਗੰਧ ਕੈ ਅਰਗਜਾ ਸੁਬਾਸ ਹੈ ।

ਇਸੇ ਤਰ੍ਹਾਂ ਮ੍ਰਿਗ ਮਦ ਕਸਤੂਰੀ, ਗਉਰਾ, ਗੋਰੋਚਨ ਚੋਆ ਚੰਦਨ ਸੰਦਲ ਦਾ ਅਤਰ ਸੰਦਲ ਰਸ ਟਪਕਾਯਾ ਹੋਇਆ, ਕੁਸਮ ਦਲ ਕੇਸਰ ਕੁਸਮ ਫੁਲ +ਦਲ ਪਤ੍ਰ ਫੁਲਾਂ ਦੇ ਪਤ੍ਰ ਇਨਾਂ ਸਕਲ ਸੁਗੰਧਿਤ ਸਾਰੀਆਂ ਸੁਗੰਧਾਂ ਤੋਂ ਅਰਗਜਾ ਸੁਬਾਸ ਹੈ ਅਰਗਜਾ ਅਬੀਰ ਨਾਮ ਦੀ ਸੁਗੰਧੀ ਮਜਮੂਆ ਖੁਸ਼ਬੂ ਸੁਗੰਧੀ ਸਮੁਦਾਯ ਮਿਸ੍ਰਤ ਮਿਲਵੀਂ ਬਾਸਨਾ ਬਣ ਜਾਇਆ ਕਰਦੀ ਹੈ।

ਚਤੁਰ ਬਰਨ ਪਾਨ ਚੂਨਾ ਅਉ ਸੁਪਾਰੀ ਕਾਥਾ ਆਪਾ ਖੋਇ ਮਿਲਤ ਅਨੂਪ ਰੂਪ ਤਾਸ ਹੈ ।

ਅਰੁ ਇਸੀ ਪ੍ਰਕਾਰ ਪਾਨ ਚੂਨਾ ਅਰੁ ਸੁਪਾਰੀ ਕਾਥਾ ਚੁਤਰ ਬਰਨ ਆਪਾ ਖੋਇ ਮਿਲਤ ਪਾਨ ਸੁਪਾਰੀ, ਕੱਥਾ ਅਤੇ ਚੂਨਾ ਚਾਰੋਂ ਹੀ ਅੱਡੋ ਅੱਡ ਰੰਗ ਮਿਲ ਕੇ ਜਦ ਆਪਾ ਅਪਨਾ ਅਪਨਾ ਅਭਿਮਾਨ ਖੋ ਗੁਵਾ ਦਿੰਦੇ ਹਨ, ਤਾਂ ਤਾਸ ਰੂਪ ਅਨੂਪ ਹੈ ਤਿਨਾਂ ਦਾ ਰੂਪ ਅਨੂਪ ਉਪਮਾਂ ਤੋਂ ਰਹਿਤ ਸੁੰਦਰ ਲਾਲ ਗੁਲਾਲ ਹੋ ਜਾਇਆ ਕਰਦੀ ਹੈ।

ਤੈਸੇ ਸਾਧਸੰਗਤਿ ਮਿਲਾਪ ਕੋ ਪ੍ਰਤਾਪੁ ਐਸੋ ਸਾਵਧਾਨ ਪੂਰਨ ਬ੍ਰਹਮ ਕੋ ਨਿਵਾਸ ਹੈ ।੧੨੪।

ਤਿਸੀ ਪ੍ਰਕਾਰ ਹੀ ਸਾਧ ਸੰਗਤ ਦੇ ਅੰਦਰ ਚਾਰੋਂ ਹੀ ਬ੍ਰਾਹਮਣ ਖ੍ਯਤ੍ਰੀ ਸੂਦਰ ਵੈਸ਼੍ਯ ਰੂਪ ਬਰਨਾਂ ਦੇ ਮਿਲਾਪ ਦਾ ਪ੍ਰਤਾਪ ਐਸੋ ਐਹੋ ਜੇਹਾ ਮਹਾਤਮ ਹੈ। ਇਸ ਕਾਰਣ ਸਾਵਧਾਨ ਹੁਸ਼੍ਯਾਰ ਹੋ ਕੇ ਹਰ ਵੇਲੇ ਪੂਰੀ ਪੂਰੀ ਤਰ੍ਹਾਂ ਸੰਭਲਕੇ ਭਾਵ ਨਿਯਮਾਂ ਨੂੰ ਪਾਲਨ ਕਰਦਾ ਹੋਯਾ ਸਤਿਸੰਗ ਕਰੇ, ਕ੍ਯੋਂਕਿ ਸਤਿਸੰਗਤਿ ਵਿਖੇ ਪੂਰਨ ਬ੍ਰਹਮ ਕੋ ਨਿਵਾਸ ਹੈ ਸਾਖ੍ਯਾਤ ਪੂਰਨ ਬ੍ਰਹਮ ਦਾ ਨਿਵਾਸ ਰਹਿੰਦਾ ਹੈ। ਭਾਵ ਸਤਿਸੰਗ ਭੀ ਵਰਨ ਆਸ਼ਰਮ ਜਾਤੀ ਗੋਤ ਆਦਿਕਾਂ ਨੂੰ ਅਪਣੇ ਵਿਚ ਔਂਦੇ ਸਾਰ ਹੀ ਸਮੇਟਕੇ ਇੱਕ ਰੂਪ ਬਣਾ ਦਿੰਦੀ ਹੈ, ਇਸ ਵਾਸਤੇ ਇਕ ਰੂਪ ਦਾ ਬਾਸਾ ਹੀ ਬ੍ਰਹਮ ਬਾਸਾ ਹੈ ਤੇ ਬ੍ਰਹਮ ਦਾ ਅਸਥਾਨ ਸਚਖੰਡ ਤਦੇ ਹੀ ਸਤਿਸੰਗ ਸਚਖੰਡ ਕਿਹਾ ਹੈ ॥੧੨੪॥


Flag Counter