ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 148


ਗੁਰਮੁਖਿ ਧਿਆਨ ਕੈ ਪਤਿਸਟਾ ਸੁਖੰਬਰ ਲੈ ਅਨਕਿ ਪਟੰਬਰ ਕੀ ਸੋਭਾ ਨ ਸੁਹਾਵਈ ।

ਗੁਰਮੁਖਿ ਧਿਆਨ ਕੈ ਪ੍ਰਤਿਸਟਾ ਸੁਖੰਬਰ ਲੈ ਗੁਰਮੁਖ ਪੁਰਖ ਨੂੰ ਧ੍ਯਾਨ ਦੇ ਕਾਰਣ ਧ੍ਯਾਨ ਦੇ ਪ੍ਰਭਾਵ ਕਰ ਕੇ ਜੋ ਪ੍ਰਤਿਸ਼ਟਾ ਗੌਰਵਤਾ ਵਡ੍ਯਾਈ ਸਨਮਾਨ ਸੁਖ ਸਰੂਪੀ ਅੰਬਰ ਬਸਤਰ ਦੇ ਲਿਆਂ ਪ੍ਰਾਪਤ ਹੁੰਦੀ ਹੈ ਅਰਥਾਤ ਧ੍ਯਾਨ ਕਰਨ ਕਰ ਕੇ ਜਿਸ ਸੁਖਮਈ ਅਵਸਥਾ ਵਿਚ ਉਹ ਮਗਨ ਹੁੰਦੀ ਹੈ, ਓਸ ਨਾਲ ਓਸ ਦੀ ਮਹੱਤਤਾ ਐਡੀ ਉੱਚੀ ਹੋ ਜਾਂਦੀ ਹੈ ਕਿ ਅਨਿਕ ਪਟੰਬਰ ਕੀ ਸੋਭਾ ਨ ਸੁਹਾਵਈ ਇਕਤੋਂ ਇਕ ਚੜ੍ਹਦੇ ਅਨੇਕ ਭਾਂਤ ਦੇ ਪੱਟ ਦੇ ਬਸਤਰਾਂ ਦੀ ਸ਼ੋਭਾ ਭੀ ਓਸ ਦੇ ਸਾਮਨੇ ਕਦਾਚਿਤ ਨਹੀਂ ਸੋਹਣੀ ਲਗ ਸਕਦੀ, ਭਾਵ ਮਾਤ ਪੈ ਜਾਇਆ ਕਰਦੀ ਹੈ।

ਗੁਰਮੁਖਿ ਸੁਖਫਲ ਗਿਆਨ ਮਿਸਟਾਨ ਪਾਨ ਨਾਨਾ ਬਿੰਜਨਾਦਿ ਸ੍ਵਾਦ ਲਾਲਸਾ ਮਿਟਾਵਈ ।

ਗੁਰਮੁਖਿ ਸੁਖਫਲ ਗਿਆਨ ਮਿਸਟਾਨ ਪਾਨ ਐਸਾ ਹੀ ਗੁਰਮੁਖ ਨੂੰ ਗੁਰੂ ਗ੍ਯਾਨ ਦਾ ਫਲ ਉਹ ਕੁਛ ਉੱਤਮ ਰਸ ਪ੍ਰਾਪਤ ਹੋਯਾ ਕਰਦਾ ਹੈ, ਜਿਸ ਦਾ ਸੁਖ ਸ੍ਵਾਦ ਐਡਾ ਮਿਸ਼ਟ ਮਿੱਠਾ ਹੁੰਦਾ ਹੈ ਕਿ ਮਿਠ ਰਸ ਭਾਵੀ ਅੰਨ ਪਾਨ ਆਦਿ ਜੋ ਨਾਨਾ ਬਿੰਜਨਾਦਿ ਸ੍ਵਾਦ ਭਾਂਤ ਭਾਂਤ ਦੇ ਭੋਜਨ ਸੁਆਦੀ ਪਦਾਰਥਾਂ ਦੇ ਸ੍ਵਾਦ ਰਸ ਹੁੰਦੇ ਹਨ ਓਨਾਂ ਸਭਨਾਂ ਦੀ ਲਾਲਸਾ ਮਿਟਾਵਈ ਲਾਲਸਾ ਚਾਹਨਾ ਮਨੋ ਕਾਮਨਾ ਹੀ ਮਿਟ ਜਾਯਾ ਕਰਦੀ ਹੈ।

ਪਰਮ ਨਿਧਾਨ ਪ੍ਰਿਅ ਪ੍ਰੇਮ ਪਰਮਾਰਥ ਕੈ ਸਰਬ ਨਿਧਾਨ ਕੀ ਇਛਾ ਨ ਉਪਜਾਵਈ ।

ਪਰਮ ਨਿਧਾਨ ਪ੍ਰਿਆ ਪ੍ਰੇਮ ਪਰਮਾਰਥ ਕੈ ਪ੍ਯਾਰੇ ਪਰਮਾਤਮਾ ਆਨੰਦ ਸਰੂਪ ਦੇ ਪਰਮ ਭੰਡਾਰ ਰੂਪ ਪ੍ਰੇਮ ਸਰੂਪੀ ਪਰਮ ਪ੍ਰਯੋਜਨ ਦੇ ਪ੍ਰਾਪਤ ਹੋ ਜਾਣ ਕਰ ਕੇ ਫੇਰ ਕਦਾਚਿਤ ਓਸ ਨੂੰ ਨਿਧਾਨ ਕੀ ਇਛਾ ਨ ਉਪਜਾਵਈ ਸਭ ਭਾਂਤ ਦੀਆਂ ਨਿਧੀਆਂ ਸੰਸਾਰਿਕ ਖਜਾਨਿਆਂ ਦੀ ਇੱਛਾ ਹੀ ਨਹੀਂ ਉਪਜਿਆ ਕਰਦੀ।

ਪੂਰਨ ਬ੍ਰਹਮ ਗੁਰ ਕਿੰਚਤ ਕ੍ਰਿਪਾ ਕਟਾਛ ਮਨ ਮਨਸਾ ਥਕਤ ਅਨਤ ਨ ਧਾਵਈ ।੧੪੮।

ਇਸੀ ਪ੍ਰਕਾਰ ਪੂਰਨ ਬ੍ਰਹਮ ਗੁਰ ਕਿੰਚਤ ਕ੍ਰਿਪਾ ਕਟਾਛ੍ਯ ਜਿਸ ਐਸੇ ਗੁਰਮੁਖ ਨੂੰ ਪੂਰਨ ਬ੍ਰਹਮ ਸਰੂਪ ਸਤਿਗੁਰਾਂ ਦਾ ਥੋੜਾ ਮਾਤ੍ਰ ਕ੍ਰਿਪਾ ਕਟਾਛ੍ਯ ਪ੍ਰੇਮ ਭਰੀ ਦ੍ਰਿਸ਼ਟੀ ਦਾ ਤੱਕਨਾ ਪ੍ਰਾਪਤ ਹੋ ਜਾਂਦਾ ਹੈ, ਓਸ ਦੇ ਮਨ ਮਨਸਾ ਥਕਤ ਅਨਤ ਨ ਧਾਵਈ ਮਨ ਦੀ ਮਨਸਾ ਕਲਪਨਾ ਅਭਿਲਾਖਾ ਮਨੋ ਬਿਰਤੀ ਥਕਿਤ ਹੋ ਕੇ ਹੁਟ ਹਾਰਕੇ ਹੋਰ ਹੋਰਨਾਂ ਪਦਾਰਥਾਂ ਸੰਕਲਪਾਂ ਪਿੱਛੇ ਨਹੀਂ ਧਾਇਆ ਭਟਕਿਆ ਕਰਦੀ ॥੧੪੮॥


Flag Counter