ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 76


ਸਬਦ ਸੁਰਤਿ ਅਵਗਾਹਨ ਕੈ ਸਾਧਸੰਗਿ ਆਤਮ ਤਰੰਗ ਗੰਗ ਸਾਗਰ ਲਹਰਿ ਹੈ ।

ਸਤਿਸੰਗ ਦ੍ਵਾਰਾ ਸਬਦ ਵਿਖੇ ਸੁਰਤਿ ਦੇ ਪਰਚਾਉ ਟਿਕਾਉ ਦਾ ਅਵਗਾਹਨ ਕੈ ਅਭ੍ਯਾਸ ਕਰਨ ਕਰ ਕੇ ਆਤਮਾ ਅਭ੍ਯਾਸੀ ਸਾਧਕ ਦਾ ਆਪਾ ਗੰਗਾ ਸਮਾਨ ਆਪਣੀ ਨਿਰਮਲ ਚੈਤੰਨ ਸਰੂਪਿਣੀ ਤਰੰਗ ਲਹਿਰ ਉਛਾਲ ਮਾਰ ਕੇ ਭਾਵ ਆਪਣੀ ਚੈਤੰਨ ਕਲਾ ਨੂੰ ਸਾਖ੍ਯਾਤ ਪ੍ਰਗਟ ਕਰ ਕੇ ਕੀਕੂੰ ਲਹਰ ਮੌਜ ਸਾਗਰ ਸਮੁੰਦ੍ਰ ਵਿਚ ਅਭੇਦ ਹੋ ਜਾਇਆ ਕਰਦਾ ਹੈ,

ਅਗਮ ਅਥਾਹਿ ਆਹਿ ਅਪਰ ਅਪਾਰ ਅਤਿ ਰਤਨ ਪ੍ਰਗਾਸ ਨਿਧਿ ਪੂਰਨ ਗਹਰਿ ਹੈ ।

ਇਹ ਪਰਮਾਤਮ ਸਰੂਪੀ ਨਿਜ ਸਮੁੰਦਰ ਅਤਿ ਅਗਮ ਅਤ੍ਯੰਤ ਕਰ ਕੇ ਅਗਮ ਗੰਮਤਾ ਤੋਂ ਰਹਿਤ ਅਰੁ ਅਥਾਹ ਹਾਥ ਨਹੀਂ ਪਾਈ ਜਾ ਸਕਨ ਵਾਲਾ ਆਹਿ ਹੈ ਅਤੇ ਅਪਰ ਉਸਤੋ ਪਰ ਪਰੇ ਵਾ ਸ੍ਰੇਸ਼ਟ ਕੋਈ ਨਹੀਂ ਹੈ, ਤਥਾ ਅਪਾਰ ਓਸ ਦਾ ਪਾਰ ਨਹੀਂ ਪਾਯਾ ਜਾ ਸਕਦਾ। ਓਸ ਵਿਖੇ ਪ੍ਰਗਾਸ ਦੇ ਭੰਡਾਰ ਰੂਪ ਰਤਨ ਪ੍ਰੇਮ ਭਗਤੀ ਵੈਰਾਗ ਗ੍ਯਾਨ ਆਦਿ ਗੁਣ ਪੂਰਨ ਭਰਪੂਰ ਹਨ ਅਰੁ ਅਤਿ ਗਹਰ ਅਤ੍ਯੰਤ ਕਰ ਕੇ ਗੰਭੀਰ ਹੈ।

ਹੰਸ ਮਰਜੀਵਾ ਗੁਨ ਗਾਹਕ ਚਾਹਕ ਸੰਤ ਨਿਸ ਦਿਨ ਘਟਿਕਾ ਮਹੂਰਤ ਪਹਰ ਹੈ ।

ਹੰਸਾਂ ਸਮਾਨ ਸੰਤ ਜਨ ਰਾਤ ਦਿਨ, ਘੜੀਆਂ ਪਹਰ, ਮਹੂਰਤ ਆਦਿ ਸਮੂਹ ਸਮ੍ਯਾਂ ਵਿਖੇ ਅਰੁ ਮਰਜੀਊੜਿਆਂ ਸਦ੍ਰਸ਼ ਚਾਹਕ ਜਿਗ੍ਯਾਸੀ ਜਨ ਸਿਰ ਨੂੰ ਤਲੀ ਉਪਰ ਰੱਖ ਕੇ ਜੀਊਂਦੇ ਹੀ ਮਰਣ ਲਈ ਤਯਾਰ ਹੋ ਕੇ ਏਨਾਂ ਗੁਣ ਦੇ ਗਾਹਕ ਗ੍ਰਹਣ ਕਰਣ ਹਾਰੇ ਹਨ।

ਸ੍ਵਾਂਤ ਬੂੰਦ ਬਰਖਾ ਜਿਉ ਗਵਨ ਘਟਾ ਘਮੰਡ ਹੋਤ ਮੁਕਤਾਹਲ ਅਉ ਨਰ ਨਰਹਰ ਹੈ ।੭੬।

ਜਿਸ ਤਰ੍ਹਾਂ ਸਮੁੰਦ੍ਰ ਅਪਨੇ ਵਿਚੋਂ ਊਖਮਾ ਹਵਾੜ ਪ੍ਰਗਟ ਕਰ ਕੇ ਬੱਦਲ ਰੂਪ ਧਾਰ ਕੇ, ਆਪ ਹੀ ਗਵਨ ਗੌਨ ਗਗਨ ਅਕਾਸ਼ ਮੰਡਿਲ ਵਿਖੇ ਘਮੰਡ ਘਿਰੀ ਹੋਈ ਘਟਾ ਬਦਲੀ ਸਮੂਹ ਦੇ ਸਰੂਪ ਹੋ ਸ੍ਵਾਂਤੀ ਬੂੰਦ ਦੀ ਬਰਖਾ ਕਰ ਕੇ ਮੁਕਤਾਹਲ ਮੋਤੀ ਸਿੱਪ ਵਿਚ ਪੈ ਕੇ ਅਰੁ ਨਰ ਲਰਹਰਿ ਨਰਾਂ ਉਪਰ ਬਰਸ ਕੇ ਓਨ੍ਹਾਂ ਨੂੰ ਨਰ ਸਿੰਘ ਰਾਜੇ ਵਾ ਸਾਖ੍ਯਾਤ ਭਗਵਾਨ ਸਰੂਪ ਬਣਾਇਆ ਕਰਦੀ ਹੈ, ਇਸੇ ਤਰ੍ਹਾਂ ਪੂਰਨ ਬ੍ਰਹਮ ਪਰਮਾਤਮਾ ਅਪਣੇ ਤੋਂ ਅਪਣੀ ਕਲਾ ਰੂਪ ਸਤਿਗੁਰ ਨਾਨਕ ਦੇਵ ਰੂਪ ਹੋ ਸੁੰਨ ਸਰੂਪੀ ਸੰਸਾਰ ਆਕਾਸ਼ ਅੰਦਰ ਅਪਣੇ ਚਮਤਕਾਰ ਨੂੰ ਪ੍ਰਗਟ ਕਰ ਕੇ ਉਪਦੇਸ਼ ਰੂਪ ਸ੍ਵਾਂਤੀ ਬੂੰਦ ਦੀ ਬਰਖਾ ਕਰ ਸਿੱਪੇ ਸਮਾਨ ਸਿੱਕਵੰਦ ਜਿਗ੍ਯਾਸੂਆਂ ਅੰਦਰ ਗ੍ਯਾਨ ਗੌਹਰ ਪ੍ਰਗਟਾਂਦੇ ਹਨ, ਤੇ ਸਮੂਲਚੇ ਹੀ ਜਿਨਾਂ ਲਹਿਣੇ ਜੀ ਆਦਿਕਾਂ ਉਪਰ ਤੁੱਠ ਪਏ ਓਨ੍ਹਾਂ ਨੂੰ ਓਨਾਂ ਨੇ ਆਪਣੇ ਸਾਖ੍ਯਾਤ ਅਵਤਾਰੀ ਪੁਰਖ ਭਾਵ ਵਿਖੇ ਹੀ ਚਾਹ ਪ੍ਰਗਟਾਯਾ ॥੭੬॥


Flag Counter