ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ - 130


ਕੋਟਨਿ ਕੋਟਾਨਿ ਮਿਸਟਾਨਿ ਪਾਨ ਸੁਧਾ ਰਸ ਪੁਜਸਿ ਨ ਸਾਧ ਮੁਖ ਮਧੁਰ ਬਚਨ ਕਉ ।

ਕੋਟਨਿ ਕੋਟਾਨਿ ਮਿਸਟਾਨ ਪਾਨ ਸੁਧਾ ਰਸ ਕ੍ਰੋੜਾਂ ਕੋਟੀਆਂ ਕ੍ਰੋੜ ਗੁਣਾਂ ਮਿੱਠੇ ਮਿੱਠੇ ਭੋਜਨ ਜੋਗ ਮਠਿਆਈਆਂ ਆਦਿ ਪਦਾਰਥ ਅਤੇ ਪਾਨ ਪੀਣੇ ਲੈਕ ਸੁਧਾ ਰਸ ਅੰਮ੍ਰਿਤ ਵਰਗੇ ਸ੍ਵਾਦ ਵਾਲੀਆਂ ਸ਼ਹਿਦ ਸ਼ਰਬਤ ਆਦਿ ਵਰਗੀਆਂ ਕ੍ਰੋੜਾਂ ਗੁਣਾਂ ਮਿਠੀਆਂ ਵਸਤੂਆਂ ਆ ਮਿਲਣ, ਪਰ ਪੁਜਸਿ ਨ ਸਾਧ ਮੁਖ ਮਧੁਰ ਬਚਨ ਕਉ ਸਾਧ ਸਿੱਖਾਂ ਸੰਤਾਂ ਦਿਆਂ ਮੂੰਹੋਂ ਨਿਕਲੇ ਹੋਏ ਮਿੱਠੇ ਮਿੱਠੇ ਪ੍ਯਾਰੇ ਪ੍ਯਾਰੇ ਹਿਤ ਭਰੇ ਬਚਨਾਂ ਨੂੰ ਨਹੀਂ ਇਹ ਸਭ ਪੁਗ ਸਕਦੀਆਂ ਭਾਵ ਬਰਾਬਰੀ ਨਹੀਂ ਕਰ ਸਕਦੀਆਂ।

ਸੀਤਲ ਸੁਗੰਧ ਚੰਦ ਚੰਦਨ ਕੋਟਾਨਿ ਕੋਟਿ ਪੁਜਸਿ ਨ ਸਾਧ ਮਤਿ ਨਿਮ੍ਰਤਾ ਸਚਨ ਕਉ ।

ਸੀਤਲ ਸੁਗੰਧ ਚੰਦ ਚੰਦਨ ਕੋਟਾਨਿ ਕੋਟਿ ਸੀਤਲਤਾ ਦਾ ਆਸਰਾ ਠੰਢਾ ਠੰਢਾ ਚੰਦ੍ਰਮਾ ਤੇ ਸੀਤਲਤਾ ਅਰੁ ਸੁਗੰਧੀ ਦਾ ਸੋਮਾ ਚੰਦਨ ਸੰਦਲ ਕ੍ਰੋੜਾਂ ਕੋਟੀਆਂ ਕ੍ਰੋੜ ਕ੍ਰੋੜ ਗੁਣਾਂ ਹੋ ਕੇ ਜੇ ਰਲ ਆਵਨ ਤਾਂ ਭੀ ਪੁਜਸਿ ਨ ਸਾਧ ਮਤਿ ਨਿੰਮ੍ਰਤਾ ਸਚਨ ਕਉ ਉਹ ਨਹੀਂ ਪੁਗ ਸਕਦੇ ਤੁਲਨਾ ਨਹੀਂ ਪਾ ਸਕਦੇ, ਸਾਧ ਮਤਿ ਸੰਤ ਮਤੇ ਗੁਰਮਤਿ ਵਿਖੇ ਸੰਚਨ ਸੰਚੇ ਧਾਰਣ ਕੀਤੀ ਹੋਈ ਨਿੰਮ੍ਰਤਾ ਨੂੰ।

ਕੋਟਨਿ ਕੋਟਾਨਿ ਕਾਮਧੇਨ ਅਉ ਕਲਪਤਰ ਪੁਜਸਿ ਨ ਕਿੰਚਤ ਕਟਾਛ ਕੇ ਰਚਨ ਕਉ ।

ਕੋਟਨਿ ਕੋਟਾਨਿ ਕਾਮਧੇਨ ਅਉ ਕਲਪਤਰ ਐਸਾ ਹੀ ਕ੍ਰੋੜਾਂ ਕੋਟੀਆਂ ਕ੍ਰੋੜਾਂ ਕ੍ਰੋੜਾਂ ਗੁਣਾਂ ਹੋ ਕੇ ਕਾਮਧੇਨਾਂ ਅਤੇ ਕਲਪ ਬਿਰਛ ਭੀ ਇਕੱਠੇ ਹੋ ਕੇ ਆ ਜਾਣ ਤਾਂ ਪੁਜਸਿ ਨ ਕਿੰਚਤ ਕਟਾਛ ਕੇ ਰਚਨ ਕਉ ਉਹ ਸਭ ਨਹੀਂ ਪੁਗ ਸਕਦੇ ਕਾਮਨਾ ਪੁਜਾਨ ਵਿਖੇ ਸੰਤਾਂ ਸਤਿਗੁਰਾਂ ਦੀ ਕਿੰਚਤ ਥੋੜੇ ਮਾਤ੍ਰ ਭਰ ਕ੍ਰਿਪਾ ਭਰੀ ਨਿਗ੍ਹਾ ਨਾਲ ਖੇੜੀ ਹੋਈ ਰਚਨਾ ਬਖ਼ਸੀਆਂ ਹੋਈਆਂ ਬਰਕਤਾਂ ਨੂੰ।

ਸਰਬ ਨਿਧਾਨ ਫਲ ਸਕਲ ਕੋਟਾਨਿ ਕੋਟਿ ਪੁਜਸਿ ਨ ਪਰਉਪਕਾਰ ਕੇ ਖਚਨ ਖਉ ।੧੩੦।

ਇਸੇ ਪ੍ਰਕਾਰ ਸਰਬ ਨਿਧਾਨ ਫਲ ਸਕਲ ਕੋਟਾਨਿ ਕੋਟਿ ਸੰਪੂਰਣ ਨਿਧੀਆਂ ਬ੍ਰਹਮਾਂਡ ਭਰ ਦੇ ਗੁਪਤ ਭੰਡਾਰ ਅਰ ਸਾਰੇ ਦੇ ਸਾਰੇ ਫਲ ਧਰਮ ਅਰਥ ਕਾਮ ਮੋਖ ਕ੍ਰੋੜਾਂ ਕ੍ਰੋੜਾਂ ਗੁਣਾਂ ਹੋ ਔਣ, ਤਾਂ ਨਹੀਂ ਪੁਗ ਸਕਦੇ ਓਸ ਪਰਉਪਕਾਰ ਨੂੰ ਜਿਹੜਾ ਕਿ ਖਚਿਤ ਅੰਕਿਤ ਸੰਮਿਲਿਤ ਜੁਟਿਤ ਕੀਤਾ ਗਿਆ ਹੈ ਸਤਿਗੁਰਾਂ ਵਾ ਸਤਿਸੰਗ ਦੇ ਦ੍ਵਾਰਿਓਂ ॥੧੩੦॥


Flag Counter